ਟੋਰਾਂਟੋ ਪੁਲਿਸ ਵਲੋਂ ਵਾਰਨਿੰਗ – ਹੋ ਰਿਹਾ ਟੈਕਸੀ ਸਕੈਮ

by vikramsehajpal

ਟੋਰਾਂਟੋ (ਐਨ.ਆਰ.ਆਈ. ਮੀਡਿਆ) : ਕੈਨੇਡਾ ਦੀ ਟੋਰਾਂਟੋ ਪੁਲਿਸ ਵੱਲੋਂ ਪਬਲਿਕ ਸੇਫਟੀ ਐਲਰਟ ਵਾਰਨਿੰਗ ਜਾਰੀ ਕੀਤੀ ਗਈ ਹੈ। ਇਹ ਵਾਰਨਿੰਗ ਕੋਵਿਡ-19 ਨਾਲ ਸਬੰਧਤ ਟੈਕਸੀ ਫਰਾਡ ਸਕੈਮ ਦੀ ਹੈ। ਇਸ ਸਕੈਮ ਤਹਿਤ ਦੋ ਵਿਅਕਤੀ ਤੀਜੀ ਧਿਰ ਨੂੰ ਇਸ ਗੱਲ ਲਈ ਰਾਜ਼ੀ ਕਰਦੇ ਹਨ ਕਿ ਉਹ ਆਪਣੇ ਡੈਬਿਟ ਕਾਰਡ ਦੀ ਵਰਤੋਂ ਕਰੇ ਤੇ ਫਿਰ ਉਹ ਉਸ ਨੂੰ ਕਿਸੇ ਹੋਰ ਨਾਲ ਬਦਲ ਦਿੰਦੇ ਹਨ।

ਜਾਂਚਕਾਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਕਈ ਸਕੈਮ ਕਰਨ ਵਾਲੇ ਲੋਕ ਸਰਗਰਮ ਹਨ। ਇਸ ਨੂੰ ਟੈਕਸੀ ਸਕੈਮ ਵਜੋ ਜਾਣਿਆ ਜਾ ਰਿਹਾ ਹੈ। ਦੱਸ ਦਈਏ ਕਿ ਕੱਲ੍ਹ ਜਾਰੀ ਕੀਤੀ ਗਈ ਨਿਊਜ਼ ਰਲੀਜ਼ ਵਿੱਚ ਪੁਲਿਸ ਨੇ ਦੱਸਿਆ ਕਿ ਕੋਈ ਨਾ ਕੋਈ ਰਾਹਗੀਰ ਉਨ੍ਹਾਂ ਦੀ ਇਹ ਤਕਰਾਰ ਸੁਣ ਲੈਂਦਾ ਹੈ ਤੇ ਉਨ੍ਹਾਂ ਦੀ ਮਦਦ ਕਰਨ ਲਈ ਸਫਰ ਦਾ ਕਿਰਾਇਆ ਦੇਣ ਲਈ ਆਪਣੇ ਡੈਬਿਟ ਕਾਰਡ ਦੀ ਵਰਤੋਂ ਕਰਨ ਦੀ ਪੇਸ਼ਕਸ਼ ਕਰਦਾ ਹੈ, ਫਿਰ ਉਹ ਰਾਹਗੀਰ ਆਪਣੇ ਡੈਬਿਟ ਕਾਰਡ ਲਈ ਮੋਡੀਫਾਈਡ ਪੁਆਇੰਟ ਆਫ ਸੇਲ ਟਰਮੀਨਲ ਵਿੱਚ ਪਿੰਨ ਨੰਬਰ ਭਰਦਾ ਹੈ ਤੇ ਫਿਰ ਸੇਲ ਟਰਮੀਨਲ ਕਾਰਡ ਦਾ ਡਾਟਾ ਤੇ ਪਿੰਨ ਨੰਬਰ ਰਿਕਾਰਡ ਕਰ ਲੈਂਦਾ ਹੈ।

ਇੱਕ ਵਾਰੀ ਲੈਣ ਦੇਣ ਪੂਰਾ ਹੋਣ ਤੋਂ ਬਾਅਦ ਇਸ ਠੱਗੀ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਨੂੰ ਉਸ ਦੇ ਕਾਰਡ ਨਾਲ ਹੀ ਮੇਲ ਖਾਂਦਾ ਕਿਸੇ ਹੋਰ ਬੈਂਕ ਦਾ ਕਾਰਡ ਦੇ ਦਿੱਤਾ ਜਾਦਾ ਹੈ ਤੇ ਨਾਲ ਹੀ ਨਕਦੀ ਵੀ ਦੇ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਮਸ਼ਕੂਕਾਂ ਕੋਲ ਸਬੰਧਤ ਵਿਅਕਤੀ ਦਾ ਅਸਲ ਡੈਬਿਟ ਕਾਰਡ ਤੇ ਪਿੰਨ ਨੰਬਰ ਆ ਜਾਂਦਾ ਹੈ ਤੇ ਫਿਰ ਉਹ ਉਸ ਦੇ ਖਾਤੇ ਵਿੱਚੋਂ ਚੰਗੀ ਰਕਮ ਉੱਤੇ ਹੱਥ ਸਾਫ ਕਰ ਦਿੰਦੇ ਹਨ।