ਪੰਜਾਬ ‘ਚ ਵਾਪਰਿਆ ਦਰਦਨਾਕ ਹਾਦਸਾ, 1 ਦੀ ਮੌਤ

by nripost

ਬਰਨਾਲਾ (ਰਾਘਵ) : ਸਥਾਨਕ ਬਠਿੰਡਾ ਰੋਡ ’ਤੇ ਲੰਘੀ ਰਾਤ ਅਣਪਛਾਤੇ ਵਾਹਨ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ’ਤੇ ਸਵਾਰ ਪਿੰਡ ਫਰਵਾਹੀ ਦੇ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ-2 ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਸੰਤੋਖ ਸਿੰਘ ਪੁੱਤਰ ਸਵ. ਤੇਜਾ ਸਿੰਘ ਵਾਸੀ ਫਰਵਾਹੀ ਡਿਊਟੀ ਤੋਂ ਵਾਪਸ ਆਪਣੇ ਮੋਟਰਸਾਈਕਲ ’ਤੇ ਪਿੰਡ ਫਰਵਾਹੀ ਨੂੰ ਜਾ ਰਿਹਾ ਸੀ, ਜਦ ਉਹ ਹੰਡਿਆਇਆ ਰੋਡ ’ਤੇ ਕਿਸਾਨ ਢਾਬੇ ਨਜ਼ਦੀਕ ਪਹੁੰਚਿਆ ਤਾਂ ਕਿਸੇ ਅਣਪਛਾਤੇ ਤੇਜ਼ ਰਫਤਾਰ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ’ਚ ਮੋਟਰਸਾਈਕਲ ਚਾਲਕ ਸੰਤੋਖ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰ ਦੀ ਟੀਮ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਪੁੱਤਰ ਸਵ. ਤੇਜਾ ਸਿੰਘ ਵਾਸੀ ਫਰਵਾਹੀ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਸੰਤੋਖ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਦੋ ਛੋਟੇ-ਛੋਟੇ ਬੱਚਿਆਂ ਅਤੇ ਮਾਤਾ ਨੂੰ ਰੋਂਦਿਆਂ ਕਰਲਾਉਂਦਿਆਂ ਛੱਡ ਗਿਆ।