ਪੰਜਾਬ ‘ਚ ਵਾਪਰਿਆ ਦਰਦਨਾਕ ਹਾਦਸਾ, 1 ਦੀ ਮੌਤ

by nripost

ਬੰਗਾ (ਰਾਘਵ): ਬੰਗਾ ਮੁੱਖ ਮਾਰਗ 'ਤੇ ਅੱਜ ਮੋਟਰਸਾਈਕਲ ਸਵਾਰ ਪਤੀ-ਪਤਨੀ ਅਤੇ ਕੈਂਟਰ ਵਿਚਕਾਰ ਟੱਕਰ ਹੋਣ ਕਾਰਨ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਪਤੀ ਦੀ ਮੌਕੇ 'ਤੇ ਮੋਤ ਹੋ ਗਈ ਜਦਕਿ ਮੋਟਰਸਾਈਕਲ ਦੇ ਪਿੱਛੇ ਬੈਠੀ ਉਸ ਦੀ 9 ਮਹੀਨਿਆਂ ਦੀ ਗਰਭਵਤੀ ਪਤਨੀ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸੰਦੀਪ (34) ਪੁੱਤਰ ਅਵਤਾਰ ਚੰਦ ਅਤੇ ਉਸ ਦੀ 9 ਮਹੀਨਿਆਂ ਦੀ ਗਰਭਵਤੀ ਪਤਨੀ ਆਰਤੀ (27) ਸਾਲ ਨਿਵਾਸੀ ਪਿੰਡ ਫਰਾਲਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਿਵਲ ਹਸਪਤਾਲ ਚੈੱਕਅਪ ਲਈ ਜਾ ਰਹੇ ਸਨ। ਜਦੋਂ ਸੰਦੀਪ ਨੇ ਬੰਗਾ ਮੁੱਖ ਮਾਰਗ 'ਤੇ ਬਣੇ ਐਲੀਵੇਟਡ ਰੋਡ ਹੇਠਾ ਸਿਵਲ ਹਸਪਤਾਲ ਦੇ ਸਾਹਮਣੇ ਨੈਸ਼ਨਲ ਹਾਈਵੇਅ ਦੀ ਤਰਫੋਂ ਗਲਤ ਢੰਗ ਨਾਲ ਰੱਖੇ ਗਏ ਰਸਤੇ ਰਾਹੀਂ ਸਿਵਲ ਹਸਪਤਾਲ ਨੂੰ ਜਾਣ ਲਈ ਆਪਣੇ ਮੋਟਰਸਾਈਕਲ ਦੀ ਬਰੇਕ ਮਾਰੀ ਤਾਂ ਉਨ੍ਹਾਂ ਦੇ ਪਿੱਛੇ ਤੋਂ ਆ ਰਹੇ ਸੀਮਿੰਟ ਦੇ ਕੈਂਟਰ ਨੇ ਟੱਕਰ ਮਾਰ ਦਿੱਤੀ।

ਇਥੇ ਦੱਸਣਯੋਗ ਹੈ ਕਿ ਸੰਦੀਪ ਅਤੇ ਆਰਤੀ ਦਾ ਵਿਆਹ ਬੀਤੇ ਸਾਲ ਹੋਇਆ ਸੀ। ਹਾਦਸੇ ਦੀ ਸੂਚਨਾ ਮਿਲਦੇ ਜਿੱਥੇ ਪਰਿਵਾਰਕ ਮੈਂਬਰ ਮੌਕੇ 'ਤੇ ਪੁੱਜ ਗਏ। ਉੱਥੇ ਹੀ ਥਾਣਾ ਸਿਟੀ ਦੇ ਪੁਲਸ ਅਧਿਕਾਰੀ ਏ. ਐੱਸ. ਆਈ. ਬਲਿਹਾਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਏ ਅਤੇ ਉਨ੍ਹਾਂ ਨੇ ਹਾਦਸਾ ਗ੍ਰਸਤ ਵਾਹਨਾਂ ਅਤੇ ਮ੍ਰਿਤਕ ਸੰਦੀਪ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨਾਂ ਦੱਸਿਆ ਕਿ ਕੈਂਟਰ ਚਲਾਕ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ ਹੈ ਅਤੇ ਹਾਦਸੇ ਸਬੰਧੀ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਮੌਕੇ ਉਤੇ ਲੋਕਾਂ ਦਾ ਕਹਿਣਾ ਸੀ ਕਿ ਨੈਸ਼ਨਲ ਹਾਈਵੇਅ ਵੱਲੋਂ ਮੁੱਖ ਮਾਰਗ 'ਤੇ ਕਈ ਥਾਂਵਾਂ 'ਤੇ ਆਪਣੇ ਚਹੇਤਿਆਂ ਨੂੰ ਖ਼ੁਸ਼ ਕਰਨ ਲਈ ਗਲਤ ਢੰਗ ਦੇ ਰਸਤੇ ਛੱਡੇ ਹੋਏ ਹਨ, ਜਿਸ ਕਾਰਨ ਆਏ ਦਿਨ ਇਨ੍ਹਾਂ ਰਸਤਿਆਂ ਤੋਂ ਲੰਘਣ ਸਮੇਂ ਹਾਦਸੇ ਵਾਪਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਬੰਦ ਕਰਨ ਲਈ ਉਹ ਕਈ ਵਾਰ ਪ੍ਰਸ਼ਾਸਨ ਅਧਿਕਾਰੀਆਂ ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਨੂੰ ਵੀ ਕਹਿ ਚੁੱਕੇ ਹਨ ਪਰ ਕਿਸੇ ਨੇ ਉਨ੍ਹਾਂ ਦੀ ਉਕਤ ਗੱਲ ਵੱਲ ਧਿਆਨ ਨਹੀਂ ਦਿੱਤਾ। ਉਨਾਂ ਕਿਹਾ ਕਿ ਜੇਕਰ ਹੁਣ ਵੀ ਹਾਈਵੇਅ ਅਥਾਰਿਟੀ ਜਾਂ ਪ੍ਰਸ਼ਾਸਨ ਨੇ ਉਕਤ ਰਸਤੇ ਬੰਦ ਨਾ ਕਰਵਾਏ ਤਾਂ ਉਹ ਮੁੱਖ ਮਾਰਗ ਨੂੰ ਜਾਮ ਕਰ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰਨਗੇ।