
ਸਮਰਾਲਾ (ਰਾਘਵ) : ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਢਿੱਲਵਾਂ ਨੇੜੇ ਸ਼ੁੱਕਰਵਾਰ ਸਵੇਰੇ 9 ਵਜੇ ਦੇ ਕਰੀਬ ਇਕ ਤੇਜ਼ ਰਫਤਾਰ ਸਕਾਰਪੀਓ ਕਾਰ ਨੇ ਐਕਟਿਵਾ ਚਾਲਕ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਨੂੰ ਕਈ ਮੀਟਰ ਤੱਕ ਘਸੀਟ ਕੇ ਲੈ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਐਕਟਿਵਾ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਪਿਲ ਮਰਵਾਹਾ (46) ਵਾਸੀ ਸਮਰਾਲਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਮਰਾਲਾ ਦਾ ਰਹਿਣ ਵਾਲਾ ਕਪਿਲ ਮਰਵਾਹਾ ਜੋ ਕਿ ਇੱਕ ਪ੍ਰਾਈਵੇਟ ਬੀਜ ਕੰਪਨੀ ਵਿੱਚ ਕੰਮ ਕਰਦਾ ਹੈ, ਅੱਜ ਆਪਣੀ ਡਿਊਟੀ ਲਈ ਖੰਨਾ ਜਾ ਰਿਹਾ ਸੀ। ਜਿਵੇਂ ਹੀ ਉਹ ਪਿੰਡ ਢਿਲਵਾਂ ਦੇ ਪੈਟਰੋਲ ਪੰਪ ਕੋਲ ਪਹੁੰਚਿਆ ਤਾਂ ਜਦੋਂ ਉਸ ਨੇ ਪੈਟਰੋਲ ਭਰਨ ਲਈ ਆਪਣੀ ਐਕਟਿਵਾ ਪੰਪ ਵੱਲ ਮੋੜੀ ਤਾਂ ਖੰਨਾ ਵਾਲੇ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਸਕਾਰਪੀਓ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਸਕਾਰਪੀਓ ਗੱਡੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਇਸ ਨੇ ਐਕਟਿਵਾ ਸਵਾਰ ਕਪਿਲ ਮਾਰਵਾਹ ਨੂੰ ਕਈ ਮੀਟਰ ਤੱਕ ਘਸੀਟ ਲਿਆ। ਜਿਸ ਕਾਰਨ ਕਪਿਲ ਮਰਵਾਹਾ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮ੍ਰਿਤਕ ਦੇ ਰਿਸ਼ਤੇਦਾਰ ਮੌਕੇ 'ਤੇ ਪਹੁੰਚ ਗਏ ਅਤੇ ਪੁਲਸ ਨੂੰ ਵੀ ਹਾਦਸੇ ਦੀ ਸੂਚਨਾ ਦਿੱਤੀ ਗਈ। ਮ੍ਰਿਤਕ ਦੀ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਪੁਲਸ ਨੇ ਸਕਾਰਪੀਓ ਗੱਡੀ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਥਾਨਕ ਸਿਵਲ ਹਸਪਤਾਲ ਦੇ ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਕਪਿਲ ਮਰਵਾਹਾ ਦੀ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਸਿਰ 'ਤੇ ਸੱਟ ਲੱਗਣ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਦੋ ਬੱਚਿਆਂ ਦਾ ਪਿਤਾ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਇਸ ਕੰਪਨੀ ਵਿੱਚ ਕੰਮ ਕਰ ਰਿਹਾ ਸੀ। ਫਿਲਹਾਲ ਪੁਲਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਸਕਾਰਪੀਓ ਗੱਡੀ ਦੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।