ਟਰਾਂਸਪੋਰਟ ਮੰਤਰੀ ਨੇ RTA ਦਫ਼ਤਰ ਬਠਿੰਡਾ ‘ਚ ਮਾਰਿਆ ਛਾਪਾ

by jaskamal

ਨਿਊਜ਼ ਡੈਸਕ : ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਿਰੰਤਰ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਅੱਜ ਰੀਜ਼ਨਲ ਟਰਾਂਸਪੋਰਟ ਅਥਾਰਟੀ (RTA) ਬਠਿੰਡਾ ਦੇ ਦਫ਼ਤਰ 'ਚ ਅਚਨਚੇਤ ਛਾਪਾ ਮਾਰਿਆ। ਰਿਕਾਰਡ ਘੋਖਣ 'ਤੇ RTA ਦਫ਼ਤਰ ਦੇ ਕੰਮਕਾਜ 'ਚ ਕਈ ਤਰ੍ਹਾਂ ਦੀਆਂ ਊਣਤਾਈਆਂ ਪਾਈਆਂ ਗਈਆਂ। ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਟਰਾਂਸਪੋਰਟ ਮੰਤਰੀ ਭੁੱਲਰ ਨੇ ਦੱਸਿਆ ਕਿ RTA ਦਫ਼ਤਰ ਬਠਿੰਡਾ ਬਾਰੇ ਪਿਛਲੇ ਕਈ ਦਿਨਾਂ ਤੋਂ ਖ਼ਬਰਾਂ ਮਿਲ ਰਹੀਆਂ ਸਨ। ਦਫ਼ਤਰ ਵੱਲੋਂ ਤਿਆਰ ਕੀਤੇ ਬੱਸਾਂ ਦੇ ਟਾਈਮ ਟੇਬਲ 'ਚ ਊਣਤਾਈਆਂ ਪਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ RTA ਦਫ਼ਤਰ 'ਚ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਕਬਜ਼ਾ ਕਰਨ ਸਬੰਧੀ ਖ਼ਬਰਾਂ ਵੀ ਉਦੋਂ ਸੱਚ ਸਾਬਤ ਹੋਈਆਂ, ਜਦੋਂ ਛਾਪੇ ਦੌਰਾਨ ਨਿਊ ਦੀਪ, ਆਰਬਿਟ ਤੇ ਹੋਰ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੇ ਕਰਿੰਦੇ ਉਥੇ ਬੈਠੇ ਪਾਏ ਗਏ।

ਟਰਾਂਸਪੋਰਟ ਮੰਤਰੀ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੂੰ ਸਕੱਤਰ RTA ਬਠਿੰਡਾ ਵਿਰੁੱਧ ਜਾਂਚ ਕਰਨ ਦੇ ਆਦੇਸ਼ ਦਿੰਦਿਆਂ ਹਫ਼ਤੇ ਦੇ ਅੰਦਰ-ਅੰਦਰ ਜਾਂਚ ਰਿਪੋਰਟ ਮੰਗੀ ਹੈ। ਟਰਾਂਸਪੋਰਟ ਮੰਤਰੀ ਨੇ RTA ਦਫ਼ਤਰ ਦੇ ਸਟਾਫ਼ ਨੂੰ ਹਦਾਇਤ ਕੀਤੀ ਕਿ ਦਫ਼ਤਰ 'ਚ ਪਾਈਆਂ ਗਈਆਂ ਊਣਤਾਈਆਂ ਨੂੰ ਤੁਰੰਤ ਦਰੁਸਤ ਕੀਤਾ ਜਾਵੇ। ਡਿਫ਼ਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਤਾੜਨਾ ਕਰਦਿਆਂ ਉਨ੍ਹਾਂ ਕਿਹਾ ਕਿ ਭਵਿੱਖ 'ਚ ਅਜਿਹੀ ਗ਼ਲਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹ ਕਿਹਾ ਕਿ ਗ਼ੈਰ-ਕਾਨੂੰਨੀ ਤੌਰ 'ਤੇ ਚੱਲ ਰਹੀਆਂ ਬੱਸਾਂ ਦੇ ਮਾਲਕਾਂ ਨੂੰ ਹਰ ਹੀਲੇ ਨੱਥ ਪਾਈ ਜਾਵੇਗੀ ਪਰ ਕਿਸੇ ਵੀ ਅਸਲ ਆਪ੍ਰੇਟਰ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।