ਟਰਾਂਸਪੋਰਟ ਕੈਨੇਡਾ ਵੱਲੋਂ ਅਗਲੀ ਫਰਵਰੀ ਤੱਕ ਕਰੂਜ਼ ਸ਼ਿਪਜ਼ ਉੱਤੇ ਪਾਬੰਦੀ

by vikramsehajpal

ਓਟਾਵਾ (ਦੇਵ ਇੰਦਰਜੀਤ)- ਟਰਾਂਸਪੋਰਟ ਕੈਨੇਡਾ ਵੱਲੋਂ ਅਗਲੀ ਫਰਵਰੀ ਤੱਕ ਕਰੂਜ਼ ਸ਼ਿਪਜ਼ ਉੱਤੇ ਪਾਬੰਦੀ ਲਾਈ ਗਈ ਹੈ। ਜਿਸ ਤੋਂ ਇਹ ਭਾਵ ਹੈ ਕਿ 2021 ਦਾ ਪੂਰਾ ਸੀਜ਼ਨ ਹੀ ਖ਼ਤਮ ਕੀਤਾ ਜਾ ਰਿਹਾ ਹੈ।

ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਜੇ ਵੀ ਦਿਨੋਂ ਦਿਨ ਵੱਧ ਘਟ ਰਹੀ ਕੋਵਿਡ-19 ਮਹਾਂਮਾਰੀ ਦੀ ਅਸਲ ਸਥਿਤੀ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਮਰੀਨ ਤੇ ਟੂਰਿਜ਼ਮ ਸੈਕਟਰ ਉੱਤੇ ਇਸ ਦੇ ਪੈਣ ਵਾਲੇ ਪ੍ਰਭਾਵ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਦੋ ਨਵੇਂ ਅੰਤਰਿਮ ਆਰਡਰਜ਼ ਦਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਕੈਨੇਡੀਅਨ ਆਰਕਟਿਕ ਪਾਣੀਆਂ ਵਿੱਚ 28 ਫਰਵਰੀ 2022 ਤੱਕ ਪਲੇਯਰ ਕ੍ਰਾਫਟ ਤੇ ਮਨੋਰੰਜਨ ਲਈ ਕਰੂਜ਼ ਸ਼ਿਪਜ਼ ਆਦਿ ਨੂੰ ਉਤਾਰਨ ਦੀ ਮਨਾਹੀ ਹੋਵੇਗੀ। ਨਿੱਕੇ ਕਰੂਜ਼ ਸਿ਼ੱਪਜ਼, ਜਿਸ ਵਿੱਚ 100 ਜਾਂ ਘੱਟ ਲੋਕਾਂ ਨੂੰ ਲਿਜਾਇਆ ਜਾ ਸਕਦਾ ਹੈ, ਉੱਤੇ ਕੋਈ ਪਾਬੰਦੀ ਨਹੀਂ ਹੋਵੇਗੀ ਪਰ ਉਨ੍ਹਾਂ ਨੂੰ ਆਪਣੇ ਹੋਮ ਪ੍ਰੋਵਿੰਸਾਂ ਜਾਂ ਟੈਰੇਟਰੀਜ਼ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਐਟਲਾਂਟਿਕ ਕੈਨੇਡਾ ਕਰੂਜ਼ ਐਸੋਸਿਏਸ਼ਨ (ਏਸੀਸੀਏ) ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੈਂਬਰਾਂ ਨੂੰ ਆਸ ਹੈ ਕਿ ਜਦੋਂ ਸਹੀ ਸਮਾਂ ਹੋਵੇਗਾ ਤੇ ਹਾਲਾਤ ਠੀਕ ਹੋਣਗੇ ਤਾਂ ਕਰੂਜ਼ ਵਾਪਿਸ ਸ਼ੁਰੂ ਹੋ ਜਾਣਗੇ ਤੇ ਕਾਰੋਬਾਰ ਵੀ ਚੰਗਾ ਰਹੇਗਾ। ਇਹ ਵੀ ਆਖਿਆ ਗਿਆ ਕਿ ਸਾਰੇ ਕੈਨੇਡੀਅਨ ਪੋਰਟਸ ਦਾ ਇੰਡਸਟਰੀ, ਕਮਿਊਨਿਟੀਜ਼ ਤੇ ਸਰਕਾਰਾਂ ਨਾਲ ਰਲ ਕੇ ਕਰੂਜਿ਼ੰਗ ਵਿੱਚ ਮੁੜ ਵਿਸ਼ਵਾਸ ਪੈਦਾ ਕਰਨਾ ਬਹੁਤ ਮੁਸ਼ਕਲ ਹੈ।

ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਦਾ ਕਹਿਣਾ ਹੈ ਕਿ ਕੋਵਿਡ-19 ਦੇ ਪਸਾਰ ਨੂੰ ਰੋਕਣ ਤੇ ਕਮਜ਼ੋਰ ਕਮਿਊਨਿਟੀਜ਼ ਦੀ ਹਿਫਾਜ਼ਤ ਲਈ ਇਹ ਪਾਬੰਦੀ ਜ਼ਰੂਰੀ ਹੈ।ਇਸ ਰਲੀਜ਼ ਵਿੱਚ ਕੈਨੇਡੀਅਨਾਂ ਨੂੰ ਹੋਰਨਾਂ ਥਾਂਵਾਂ ਉੱਤੇ ਟਰੈਵਲ ਕਰਨ ਤੋਂ ਵੀ ਵਰਜਿਆ ਗਿਆ।