ਟਰੂਡੋ ਨੇ ਕੀਤੀ ਪ੍ਰੀਮੀਅਰ ਕੇਨੀ ਤੇ ਮੇਅਰ ਨੈਂਸ਼ੀ ਨਾਲ ਮੁਲਾਕਾਤ

by Vikram Sehajpal

ਕੈਲਗਰੀ (ਦੇਵ ਇੰਦਰਜੀਤ)- 2019 ਤੋਂ ਬਾਅਦ ਪਹਿਲੀ ਵਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਲਗਰੀ ਗਏ ਹਨ। ਇੱਥੇ ਉਨ੍ਹਾਂ ਵੱਲੋਂ ਟਰਾਂਜਿਟ ਸਬੰਧੀ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ ਪਰ ਪ੍ਰੀਮੀਅਰ ਜੇਸਨ ਕੇਨੀ ਤੇ ਮੇਅਰ ਨਾਹੀਦ ਨੈਂਸ਼ੀ ਦੇ ਮਨ ਵਿੱਚ ਕਈ ਤਰ੍ਹਾਂ ਦੇ ਹੋਰ ਮੁੱਦੇ ਘੁੰਮ ਰਹੇ ਹਨ।

ਟਰੂਡੋ ਨੇ ਆਪਣੇ ਦੌਰੇ ਦੀ ਸ਼ੁਰੂਆਤ ਨੌਰਥਈਸਟ ਕੈਲਗਰੀ ਵਿੱਚ ਏਏਏ ਡੋਰਜ਼ ਲਿਮਟਿਡ ਤੋਂ ਕੀਤੀ। ਇਸ ਕਾਰੋਬਾਰੀ ਅਦਾਰੇ ਦੀ ਆਰਥਿਕ ਮਦਦ ਫੈਡਰਲ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਕੀਤੀ ਗਈ। ਫਿਰ ਟਰੂਡੋ ਨੇ ਪ੍ਰੀਮੀਅਰ ਜੇਸਨ ਕੇਨੀ ਤੇ ਕੈਲਗਰੀ ਦੇ ਮੇਅਰ ਨਾਹੀਦ ਨੈਂਸ਼ੀ ਨਾਲ ਬੁੱਧਵਾਰ ਸਵੇਰੇ ਪੈਲੀਸਰ ਹੋਟਲ ਡਾਊਨਟਾਊਨ ਵਿੱਚ ਵੱਖਰੇ ਤੌਰ ਉੱਤੇ ਮੁਲਾਕਾਤ ਕੀਤੀ। ਟਰੂਡੋ ਨੇ ਆਖਿਆ ਕਿ ਐਨੇ ਸਮੇਂ ਬਾਅਦ ਅਲਬਰਟਾ ਆ ਕੇ ਬਹੁਤ ਚੰਗਾ ਲੱਗਿਆ ਤੇ ਹੁਣ ਉਨ੍ਹਾਂ ਕੋਲ ਜੇਸਨ ਨਾਲ ਬੈਠ ਕੇ ਗੱਲ ਕਰਨ ਦਾ ਮੌਕਾ ਹੈ। ਉਨ੍ਹਾਂ ਅੱਗੇ ਆਖਿਆ ਕਿ ਮਹਾਂਮਾਰੀ ਦੌਰਾਨ ਪਿਛਲੇ ਡੇਢ ਸਾਲ ਵਿੱਚ ਪ੍ਰੀਮੀਅਰ ਤੇ ਉਨ੍ਹਾਂ ਦੀ ਫੋਨ ਉੱਤੇ ਕਈ ਵਾਰੀ ਗੱਲ ਹੋਈ। ਅਸੀਂ ਕਈ ਮੁੱਦਿਆਂ ਉੱਤੇ ਗੱਲ ਕਰਦੇ ਰਹੇ ਹਾਂ ਤੇ ਖੁਸ਼ੀ ਇਸ ਗੱਲ ਦੀ ਹੈ ਕਿ ਅਸੀਂ ਫੈਡਰੇਸ਼ਨ ਵਜੋਂ ਰਲ ਕੇ ਕੰਮ ਕਰ ਰਹੇ ਹਾਂ ਜਿਸ ਦੇ ਨਤੀਜੇ ਕਮਾਲ ਦੇ ਹਨ।


ਇਸ ਦੌਰਾਨ ਕੇਨੀ ਨੇ ਅਲਬਰਟਾ ਪਹੁੰਚਣ ਉੱਤੇ ਟਰੂਡੋ ਦਾ ਸਵਾਗਤ ਕੀਤਾ। ਨਾਲ ਹੀ ਉਨ੍ਹਾਂ ਲੋਕਲ ਟੂਰਿਜ਼ਮ ਤੇ ਟਰੈਵਲ ਸੈਕਟਰਜ਼ ਦੀਆਂ ਦਿੱਕਤਾਂ ਵੀ ਸਾਂਝੀਆਂ ਕੀਤੀਆਂ। ਕੇਨੀ ਨੇ ਟਰੈਵਲ ਤੇ ਟੂਰਿਜ਼ਮ ਇੰਡਸਟਰੀ ਨਾਲ ਜੁੜੇ 800,000 ਵਰਕਰਜ਼ ਦੀ ਮਦਦ ਕਰਨ ਦਾ ਮੁੱਦਾ ਵੀ ਟਰੂਡੋ ਨਾਲ ਵਿਚਾਰਿਆ। ਇਸ ਹਫਤੇ ਦੇ ਅੰਤ ਵਿੱਚ ਸ਼ੁਰੂ ਹੋਣ ਵਾਲੇ ਕੈਲਗਰੀ ਸਟੈਂਪੀਡ ਦੀਆਂ ਤਿਆਰੀਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਕੇਨੀ ਨੇ ਟਰੂਡੋ ਨਾਲ ਅਰਥਚਾਰੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਇਲਾਵਾ ਪ੍ਰੀਮੀਅਰ ਦੇ ਆਫਿਸ ਦੇ ਬੁਲਾਰੇ ਨੇ ਦੱਸਿਆ ਕਿ ਕੇਨੀ ਪਾਈਪਲਾਈਨਜ਼ ਤੇ ਕੌਮਾਂਤਰੀ ਸਰਹੱਦਾਂ ਨੂੰ ਖੋਲ੍ਹਣ ਦੇ ਮੁੱਦਿਆਂ ਉੱਤੇ ਵੀ ਚਰਚਾ ਕਰਨੀ ਚਾਹੁੰਦੇ ਸਨ।

ਇਸ ਤੋਂ ਬਾਅਦ ਕੈਲਗਰੀ ਦੇ ਮੇਅਰ ਨਾਹੀਦ ਨੈਂਸ਼ੀ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਟਰੂਡੋ ਨੇ ਉਨ੍ਹਾਂ ਦੀ ਖੁੱਲ੍ਹ ਕੇ ਤਾਰੀਫ ਕੀਤੀ ਤੇ ਆਖਿਆ ਕਿ ਖੁਸ਼ੀ ਇਸ ਗੱਲ ਦੀ ਹੈ ਕਿ ਉਹ ਚੌਥੀ ਵਾਰੀ ਮੇਅਰ ਨਹੀਂ ਬਣਨਾ ਚਾਹੁੰਦੇ ਪਰ ਉਨ੍ਹਾਂ ਵੱਲੋਂ ਕੈਲਗਰੀ ਵਾਸੀਆਂ ਲਈ ਅਣਥੱਕ ਮਿਹਨਤ ਕੀਤੀ ਜਾ ਰਹੀ ਹੈ। ਇਸ ਮੌਕੇ ਨੈਂਸ਼ੀ ਨੇ ਆਖਿਆ ਕਿ ਮੇਅਰ ਵਜੋਂ ਉਨ੍ਹਾਂ ਦੇ ਆਖਰੀ 3 ਮਹੀਨਿਆਂ ਵਿੱਚ ਕਾਫੀ ਕੁੱਝ ਕਰਨਾ ਬਾਕੀ ਹੈ। ਉਨ੍ਹਾਂ ਆਖਿਆ ਕਿ ਮਹਾਂਮਾਰੀ ਉੱਤੇ ਵੀ ਅਸੀਂ ਕਾਫੀ ਹੱਦ ਤੱਕ ਕਾਬੂ ਪਾ ਲਿਆ ਹੈ ਤੇ ਹੁਣ ਅਸੀਂ ਸਕਾਰਾਤਮਕ ਰੌਂਅ ਵਿੱਚ ਹਾਂ। ਇਸ ਦੌਰਾਨ ਟਰੂਡੋ ਦੇ ਇੱਥੇ ਪਹੁੰਚਣ ਤੋਂ ਪਹਿਲਾਂ ਹੋਟਲ ਤੋਂ ਥੋੜ੍ਹੀ ਦੂਰੀ ਇੱਕ ਸਟਰੀਟ ਵਿੱਚ ਮੁਜ਼ਾਹਰਾਕਾਰੀਆਂ ਦੇ ਇੱਕ ਨਿੱਕੇ ਜਿਹੇ ਗਰੁੱਪ ਨੇ ਮੁਜ਼ਾਹਰਾ ਵੀ ਕੀਤਾ।