ਟਰੂਡੋ ਨੇ ਅਫ਼ਗ਼ਾਨ ਦੇ ਤਾਲਿਬਾਨੀ ਸਰਕਾਰ ਨੂੰ ਮਾਨਤਾ ਦੇਣ ਤੋਂ ਇਨਕਾਰ

by vikramsehajpal

ਓਟਾਵਾ (ਦੇਵ ਇੰਦਰਜੀਤ) : ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚਿੰਤਾ ਜ਼ਾਹਰ ਕੀਤੀ ਹੈ। ਟਰੂਡੋ ਨੇ ਅਫ਼ਗਾਨਿਸਤਾਨ ਦੀ ਨਵੀਂ ਤਾਲਿਬਾਨੀ ਸਰਕਾਰ ਨੂੰ ਸਵੀਕਾਰ ਕਰਨ ਤੋਂ ਮਨਾ ਕਰ ਦਿੱਤਾ ਹੈ। ਅਫ਼ਗਾਨਿਸਤਾਨ ਦੇ ਮੁੱਦੇ 'ਤੇ ਖੁੱਲ੍ਹ ਕੇ ਬੋਲਦੇ ਹੋਏ ਟਰੂਡੋ ਨੇ ਕਿਹਾ ਕਿ ਤਾਲਿਬਾਨ ਨੇ ਅਫ਼ਗਾਨਸਿਤਾਨ ਵਿਚ ਸੱਤਾ ਸੰਭਾਲੀ ਹੈ ਅਤੇ ਇਕ ਚੁਣੀ ਹੋਈ ਲੋਕਤੰਤਰੀ ਸਰਕਾਰ ਨੂੰ ਜ਼ਬਰਦਸਤੀ ਬਦਲ ਦਿੱਤਾ ਹੈ। ਅੱਤਵਾਦੀ ਸੰਗਠਨ ਤਾਲਿਬਾਨ ਨੂੰ ਅਫ਼ਗਾਨਿਸਤਾਨ ਦੀ ਸਰਕਾਰ ਦੇ ਰੂਪ ਵਿਚ ਮਾਨਤਾ ਦੇਣ ਦੀ ਸਾਡੀ ਕੋਈ ਯੋਜਨਾ ਨਹੀਂ ਹੈ। ਉਹ ਕੈਨੇਡਾ ਦੇ ਕਾਨੂੰਨ ਦੇ ਤਹਿਤ ਇਕ ਮਾਨਤਾ ਪ੍ਰਾਪਤ ਅੱਤਵਾਦੀ ਸੰਗਠਨ ਹੈ। ਹਾਲੇ ਸਾਡਾ ਧਿਆਨ ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਬਾਹਰ ਕੱਢਣ ਵਿਚ ਹੈ ਅਤੇ ਹਵਾਈ ਅੱਡੇ ਤੱਕ ਪਹੁੰਚਣ ਲਈ ਲੋਕਾਂ ਦੀ ਮੁਫ਼ਤ ਪਹੁੰਚ ਯਕੀਨੀ ਕਰਨ 'ਤੇ ਹੈ।

20 ਸਾਲ ਪਹਿਲਾਂ ਜਦੋਂ ਅੱਤਵਾਦੀ ਸਮੂਹ ਨੇ ਅਫ਼ਗਾਨਿਸਤਾਨ 'ਤੇ ਕੰਟਰੋਲ ਹਾਸਲ ਕੀਤਾ ਸੀ ਉਸ ਸਮੇਂ ਵੀ ਕੈਨੇਡਾ ਨੇ ਤਾਲਿਬਾਨ ਨੂੰ ਦੇਸ਼ ਦੀ ਸਰਕਾਰ ਦੇ ਤੌਰ 'ਤੇ ਮਾਨਤਾ ਨਹੀਂ ਦਿੱਤੀ ਸੀ। ਇੱਥੇ ਦੱਸ ਦਈਏ ਕਿ ਐਤਵਾਰ ਨੂੰ ਰਾਸ਼ਟਰਪਤੀ ਅਸ਼ਰਫ ਗਨੀ ਦੇ ਅਫ਼ਗਾਨਿਸਤਾਨ ਛੱਡਣ ਦੇ ਤੁਰੰਤ ਬਾਅਦ ਤਾਲਿਬਾਨ ਕਾਬੁਲ ਵਿਚ ਦਾਖਲ ਹੋਇਆ ਅਤੇ ਰਾਸ਼ਟਰਪਤੀ ਮਹਿਲ 'ਤੇ ਕੰਟਰੋਲ ਹਾਸਲ ਕਰ ਲਿਆ। ਅੱਤਵਾਦੀ ਸਮੂਹ ਤਾਲਿਬਾਨ ਨੇ ਅਫ਼ਗਾਨ ਸਰਕਾਰ 'ਤੇ ਆਪਣੀ ਜਿੱਤ ਦਾ ਐਲਾਨ ਕੀਤਾ। ਇਸ ਮਗਰੋਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਦਹਿਸ਼ਤ ਦਾ ਮਾਹੌਲ ਹੋ ਗਿਆ ਅਤੇ ਲੋਕ ਦੇਸ਼ ਛੱਡਣ ਲਈ ਮਜਬੂਰ ਹੋ ਗਏ।

ਤਾਲਿਬਾਨ ਨੇਤਾ ਦੋਹਾ ਵਿਚ ਭਵਿੱਖ ਦੀਆਂ ਸਰਕਾਰੀ ਯੋਜਨਾਵਾਂ 'ਤੇ ਚਰਚਾ ਕਰ ਰਹੇ ਹਨ ਅਤੇ ਅਫ਼ਗਾਨਿਸਤਾਨ ਵਿਚ ਸਰਕਾਰ ਬਣਾਉਣ ਲਈ ਅੰਤਰਰਾਸ਼ਟਰੀ ਭਾਈਚਾਰੇ ਅਤੇ ਅੰਤਰ ਅਫ਼ਗਾਨ ਪਾਰਟੀਆਂ ਨਾਲ ਸੰਪਰਕ ਬਣਾਏ ਹੋਏ ਹਨ। ਗੌਰਤਲਬ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਰਵੱਈਏ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ (ਯੂ.ਐੱਨ.ਐੱਸ.ਸੀ.) ਨੇ ਵੀ ਚਿੰਤਾ ਜ਼ਾਹਰ ਕੀਤੀ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕਿਹਾ ਕਿ ਮੈਂ ਸਾਰੇ ਪੱਖਾਂ ਖਾਸ ਕਰ ਕੇ ਤਾਲਿਬਾਨ ਨੂੰ ਅਪੀਲ ਕਰਦਾ ਹਾਂ ਕਿ ਉਹ ਲੋਕਾਂ ਦੇ ਜੀਵਨ ਦੀ ਰੱਖਿਆ ਕਰਨ ਲਈ ਸੰਜਮ ਵਰਤਣ ਅਤੇ ਮਨੁੱਖੀ ਲੋੜਾਂ ਨੂੰ ਪੂਰਾ ਕਰਨਾ ਯਕੀਨੀ ਕਰਨ।