ਹਾਰ ਮਨਣ ਨੂੰ ਤਿਆਰ ਨਹੀਂ ਟਰੰਪ, ਸੁਪਰੀਮ ਕੋਰਟ ‘ਚ ਦਾਖ਼ਲ ਕੀਤੀ ਨਵੀਂ ਪਟੀਸ਼ਨ

by vikramsehajpal

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਕਮੇਟੀ ਤਿੰਨ ਨਵੰਬਰ ਨੂੰ ਹੋਈ ਚੋਣ ਦੇ ਨਤੀਜਿਆਂ ਨੂੰ ਬਦਲਵਾਉਣ ਦੇ ਆਪਣੇ ਯਤਨ ਜਾਰੀ ਰੱਖੇ ਹੋਏ ਹੈ। ਕਮੇਟੀ ਨੇ ਕਿਹਾ ਹੈ ਕਿ ਉਸ ਨੇ ਇਸ ਸਬੰਧ ਵਿਚ ਸੁਪਰੀਮ ਕੋਰਟ ਵਿਚ ਇਕ ਨਵੀਂ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿਚ ਪੈਨਸਿਲਵੇਨੀਆ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਤਿੰਨਾਂ ਫ਼ੈਸਲਿਆਂ ਨੂੰ ਖ਼ਾਰਜ ਕਰਨ ਅਤੇ ਪੈਨਸਿਲਵੇਨੀਆ ਜਨਰਲ ਅਸੈਂਬਲੀ ਨੂੰ ਖ਼ੁਦ ਆਪਣਾ ਇਲੈਕਟੋਰਲ ਕਾਲਜ ਚੁਣਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ।

ਹਾਲਾਂਕਿ ਚੋਣ ਮਾਹਿਰਾਂ ਦਾ ਕਹਿਣਾ ਹੈ ਕਿ ਬਾਇਡਨ ਅਤੇ ਟਰੰਪ ਵਿਚਕਾਰ ਜਿੱਤ ਦਾ ਅੰਤਰ ਏਨਾ ਜ਼ਿਆਦਾ ਹੈ ਕਿ ਪੈਨਸਿਲਵੇਨੀਆ ਦੇ ਇਲੈਕਟੋਰਲ ਕਾਲਜ ਨੂੰ ਜੇਕਰ ਹਟਾ ਵੀ ਦਿੱਤਾ ਜਾਏ ਤਾਂ ਨਤੀਜਿਆਂ ਵਿਚ ਕੋਈ ਪਰਿਵਰਤਨ ਨਹੀਂ ਆਏਗਾ। ਟਰੰਪ ਦੇ ਨਿੱਜੀ ਵਕੀਲ ਰੂਡੀ ਗੁਲਿਆਨੀ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਸਰਬਉੱਚ ਅਦਾਲਤ ਤੋਂ ਇਸ ਮਾਮਲੇ ਦੀ ਛੇ ਜਨਵਰੀ ਤੋਂ ਪਹਿਲੇ ਸੁਣਵਾਈ ਪੂਰੀ ਕਰਨ ਦੀ ਅਪੀਲ ਕੀਤੀ ਹੈ।

ਛੇ ਜਨਵਰੀ ਨੂੰ ਹੀ ਬਾਇਡਨ ਦੀ ਚੋਣ 'ਤੇ ਆਖਰੀ ਮੋਹਰ ਲੱਗੇਗੀ। ਹਾਲਾਂਕਿ ਸਰਬਉੱਚ ਅਦਾਲਤ ਨਾਲ ਜੁੜੇ ਸੂਤਰਾਂ ਮੁਤਾਬਕ ਜੱਜਾਂ ਨੇ ਸੁਣਵਾਈ ਦੀ ਤਰੀਕ ਨਿਸ਼ਚਿਤ ਨਹੀਂ ਕੀਤੀ ਹੈ। ਦੱਸਣਯੋਗ ਹੈ ਕਿ ਟਰੰਪ ਕੰਪੇਨ ਹੁਣ ਤਕ ਚੋਣ ਧੋਖਾਧੜੀ ਨਾਲ ਜੁੜੇ ਘੱਟ ਤੋਂ ਘੱਟ 50 ਮੁਕੱਦਮੇ ਦਾਇਰ ਕਰ ਚੁੱਕਾ ਹੈ। ਹਾਲਾਂਕਿ ਇਸ ਸਬੰਧ ਵਿਚ ਕੋਈ ਸਬੂਤ ਨਾ ਮਿਲਣ 'ਤੇ ਅਦਾਲਤ ਲਗਪਗ ਸਾਰੇ ਮੁਕੱਦਮਿਆਂ ਨੂੰ ਖ਼ਾਰਜ ਕਰ ਚੁੱਕੀ ਹੈ।