23 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਲ ਹੀ 'ਚ ਉੱਤਰੀ ਕੋਰੀਆ 'ਤੇ ਲੱਗਿਆਂ ਨਵੀਆਂ ਪਾਬੰਦੀਆਂ ਨੂੰ ਹਟਾਉਣ ਦਾ ਆਦੇਸ਼ ਦਿੱਤਾ ਹੈ | ਅਮਰੀਕਾ ਦੇ ਖ਼ਜ਼ਾਨਾ ਵਿਭਾਗ ਨੇ ਬੀਤੇ ਵੀਰਵਾਰ ਨੂੰ ਉੱਤਰੀ ਕੋਰੀਆ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ ਉਦੋਂ ਕੀਤਾ, ਜਦੋਂ ਬੀਤੇ ਮਹੀਨੇ ਹਨੋਈ 'ਚ ਟਰੰਪ ਤੇ ਉੱਤਰੀ ਕੋਰੀਆ ਦੇ ਸਰਵਉੱਚ ਨੇਤਾ ਕਿਮ ਜੋਂਗ ਉਨ ਦੀ ਦੂਜੀ ਸਿਖਰ ਗੱਲਬਾਤ ਬੇਨਤੀਜਾ ਖ਼ਤਮ ਹੋਈ ਸੀ |
ਦੋਵੇਂ ਨੇਤਾਵਾਂ ਦੀ ਪਹਿਲੀ ਸਿਖਰ ਗੱਲਬਾਤ ਬੀਤੇ ਜੂਨ ਵਿਚ ਸਿੰਗਾਪੁਰ ਵਿਚ ਹੋਈ ਸੀ | ਇੱਕ ਨਿਊਜ਼ ਏਜੇਂਸੀ ਦੀ ਰਿਪੋਰਟ ਮੁਤਾਬਕ ਟਰੰਪ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰ ਲਿਖਿਆ ਹੈ ਕਿ 'ਅਮਰੀਕਾ ਦੇ ਖ਼ਜ਼ਾਨਾ ਵਿਭਾਗ ਨੇ ਇਹ ਐਲਾਨ ਕੀਤਾ ਹੈ ਕਿ ਉੱਤਰੀ ਕੋਰੀਆ 'ਤੇ ਮੌਜੂਦਾ ਪਾਬੰਦੀਆਂ ਵਿਚ ਵੱਡੇ ਪੱਧਰ 'ਤੇ ਵਾਧੂ ਪਾਬੰਦੀਆਂ ਜੋੜੀਆਂ ਜਾਣਗੀਆਂ | ਮੈਂ ਇਨ੍ਹਾਂ ਵਾਧਾ ਪਾਬੰਦੀਆਂ ਨੂੰ ਹਟਾਉਣ ਦਾ ਆਦੇਸ਼ ਦਿੱਤਾ ਹੈ |'
ਖ਼ਜ਼ਾਨਾ ਵਿਭਾਗ ਨੇ ਉੱਤਰੀ ਕੋਰੀਆ ਨਾਲ ਕਾਰੋਬਾਰ ਕਰਨ ਨੂੰ ਲੈ ਕੇ ਵੀਰਵਾਰ ਨੂੰ ਚੀਨ ਦੀਆਂ ਦੋ ਸ਼ਿਪਿੰਗ ਕੰਪਨੀਆਂ 'ਤੇ ਪਾਬੰਦੀ ਲਗਾ ਦਿੱਤੀ ਸੀ | ਇਸ ਕਦਮ ਨਾਲ ਚੀਨ ਅਤੇ ਉੱਤਰੀ ਕੋਰੀਆ ਵੱਲੋਂ ਸਖ਼ਤ ਪ੍ਰਤੀਕਿਰਿਆ ਆਈ ਸੀ, ਜਦਕਿ ਨਵੀਆਂ ਪਾਬੰਦੀਆਂ 'ਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕਿਹਾ ਸੀ ਕਿ ਇਹ ਜ਼ਰੂਰੀ ਕਦਮ ਹੈ |



