ਟਰੰਪ ਦਾ ਇਮਰਾਨ ਖਾਨ ਨੂੰ ਸਵਾਲ ‘ਤੁਹਾਨੂੰ ਅਜਿਹੇ ਪੱਤਰਕਾਰ ਕਿਥੋਂ ਮਿਲੇ?

by mediateam

ਨਿਊਯਾਰਕ ਡੈਸਕ (Vikram Sehajpal) : ਇਹ ਆਮ ਗੱਲ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪੱਤਰਕਾਰਾਂ ਨੂੰ ਪਸੰਦ ਨਹੀਂ ਕਰਦੇ ਪਰ ਇਹ ਗੱਲ ਉਦੋਂ ਜ਼ਾਹਰ ਹੋ ਗਈ ਜਦ ਉਨ੍ਹਾਂ ਨੂੰ ਪਾਕਿਸਤਾਨ ਦੇ ਹਮਲਾਵਰ ਪੱਤਰਕਾਰਾਂ ਕੋਲੋਂ ਕਸ਼ਮੀਰ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਸ 'ਤੇ ਟਰੰਪ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਪੁਛਿਆ, 'ਤੁਹਾਨੂੰ ਅਜਿਹੇ ਪੱਤਰਕਾਰ ਕਿਥੋਂ ਮਿਲੇ? ਸੰਯੁਕਤ ਰਾਸ਼ਟਰ ਮਹਾਸਭਾ ਤੋਂ ਪਾਸੇ, ਟਰੰਪ ਅਤੇ ਇਮਰਾਨ ਨੇ ਸੋਮਵਾਰ ਨੂੰ ਮੁਲਾਕਾਤ ਕੀਤੀ। 

ਦੋਹਾਂ ਆਗੂਆਂ ਨੇ ਦੁਵੱਲੇ ਰਿਸ਼ਤੇ, ਕਸ਼ਮੀਰ ਮੁੱਦੇ ਅਤੇ ਅਫ਼ਗ਼ਾਨ ਸ਼ਾਂਤੀ ਕਵਾਇਦ ਬਾਰੇ ਚਰਚਾ ਕੀਤੀ। ਭਾਰਤ ਦੁਆਰਾ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਔਖੇ ਪਾਕਿਸਤਾਨੀ ਮੀਡੀਆ ਨੇ ਸਾਂਝੇ ਪੱਤਰਕਾਰ ਸੰਮੇਲਨ ਵਿਚ ਘਾਟੀ ਦੀ ਹਾਲਤ ਬਾਰੇ ਟਰੰਪ 'ਤੇ ਸਵਾਲਾਂ ਦਾ ਮੀਂਹ ਵਰ੍ਹਾ ਦਿਤਾ। 

ਜਦ ਪਾਕਿਸਤਾਨੀ ਪੱਤਰਕਾਰ ਨੇ ਕਸ਼ਮੀਰ ਦੇ ਹਾਲਾਤ ਬਾਰੇ ਸਵਾਲ ਕੀਤਾ ਤਾਂ ਰਾਸ਼ਟਰਪਤੀ ਨੇ ਉਸ ਦਾ ਮਜ਼ਾਕ ਉਡਾਉਂਦਿਆਂ ਪੁਛਿਆ ਕਿ ਕੀ ਤੁਸੀਂ ਖ਼ਾਨ ਦੀ ਟੀਮ ਦੇ ਮੈਂਬਰ ਹੋ? ਅਮਰੀਕੀ ਰਾਸ਼ਟਰਪਤੀ ਨੇ ਕਿਹਾ, 'ਕੀ ਤੁਸੀਂ ਉਨ੍ਹਾਂ ਦੀ ਟੀਮ ਵਿਚ ਹੋ। ਤੁਸੀਂ ਬਿਆਨ ਦੇ ਰਹੇ ਹੋ ਤੇ ਸਵਾਲ ਨਹੀਂ ਪੁੱਛ ਰਹੇ।' ਪਾਕਿਸਤਾਨੀ ਪੱਤਰਕਾਰ ਨੇ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਬਾਰੇ ਸਵਾਲ ਕੀਤਾ ਤਾਂ ਟਰੰਪ ਨੇ ਖ਼ਾਨ ਵਲ ਇਸ਼ਾਰਾ ਕਰਦਿਆਂ ਪੁਛਿਆ, 'ਕਿਥੋਂ ਲੱਭ ਕੇ ਲਿਆਉਂਦੇ ਹੋ ਅਜਿਹੇ ਪੱਤਰਕਾਰ?