ਟਰੰਪ ਨੇ ਪੂਤਿਨ ਨੂੰ ਖੁੁਸ਼ ਕਰਨ ਲਈ ਕੈਨੇਡਾ ਨਾਲ ਵਪਾਰ ਜੰਗ ਵਿੱਢੀ: ਟਰੂਡੋ

by nripost

ਉਨਟਾਰੀਓ (ਨੇਹਾ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਅਮਰੀਕੀ ਟੈਰਿਫ਼ ਨੂੰ ‘ਬਹੁਤ ਮੂਰਖ’ ਕਰਾਰ ਦਿਤਾ ਅਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡਾ ਵਿਰੁਧ ਵਪਾਰ ਜੰਗ ਸ਼ੁਰੂ ਕਰ ਕੇ ਰੂਸ ਨੂੰ ਖੁਸ਼ ਕਰ ਰਹੇ ਹਨ। ਅਪਣੇ ਕਾਰਜਕਾਲ ਦੇ ਆਖਰੀ ਦਿਨਾਂ ਦੌਰਾਨ ਇਕ ਪ੍ਰੈਸ ਕਾਨਫਰੰਸ ਵਿਚ ਟਰੂਡੋ ਨੇ ਕਿਹਾ ਕਿ ਟਰੰਪ ਦੇ 25 ਫੀ ਸਦੀ ਟੈਰਿਫ ਦੇ ਜਵਾਬ ਵਿਚ ਕੈਨੇਡਾ 100 ਅਰਬ ਡਾਲਰ ਤੋਂ ਵੱਧ ਦੇ ਅਮਰੀਕੀ ਸਾਮਾਨ ’ਤੇ ਜਵਾਬੀ ਟੈਰਿਫ਼ ਲਗਾਏਗਾ। ਉਨ੍ਹਾਂ ਕਿਹਾ, ‘‘ਅੱਜ ਅਮਰੀਕਾ ਨੇ ਕੈਨੇਡਾ, ਉਨ੍ਹਾਂ ਦੇ ਸੱਭ ਤੋਂ ਨਜ਼ਦੀਕੀ ਭਾਈਵਾਲ ਅਤੇ ਸਹਿਯੋਗੀ, ਉਨ੍ਹਾਂ ਦੇ ਸੱਭ ਤੋਂ ਨਜ਼ਦੀਕੀ ਦੋਸਤ ਵਿਰੁਧ ਵਪਾਰ ਜੰਗ ਸ਼ੁਰੂ ਕਰ ਦਿਤਾ ਹੈ। ਇਸ ਦੇ ਨਾਲ ਹੀ ਉਹ ਰੂਸ ਨਾਲ ਮਿਲ ਕੇ ਸਕਾਰਾਤਮਕ ਕੰਮ ਕਰਨ ਦੀ ਗੱਲ ਕਰ ਰਹੇ ਹਨ, ਜੋ ਕਿ ਝੂਠੇ, ਕਾਤਲ, ਤਾਨਾਸ਼ਾਹ ਵਲਾਦੀਮੀਰ ਪੁਤਿਨ ਨੂੰ ਖੁਸ਼ ਕਰਨ ਵਾਲੀ ਗੱਲ ਹੈ।’’ ਗੁੱਸੇ ’ਚ ਨਜ਼ਰ ਆ ਰਹੇ ਟਰੂਡੋ ਨੇ ਕਿਹਾ ਕਿ ਇਸ ਦਾ ਕੋਈ ਮਤਲਬ ਨਹੀਂ ਹੈ।

ਟਰੂਡੋ ਨੇ ਕਿਹਾ, ‘‘ਉਹ ਕੈਨੇਡਾ ਦੀ ਅਰਥਵਿਵਸਥਾ ਦਾ ਪੂਰੀ ਤਰ੍ਹਾਂ ਢਹਿ-ਢੇਰੀ ਹੋਣਾ ਚਾਹੁੰਦੇ ਹਨ ਕਿਉਂਕਿ ਇਸ ਨਾਲ ਸਾਨੂੰ ਅਮਰੀਕਾ ਨਾਲ ਜੋੜਨਾ ਆਸਾਨ ਹੋ ਜਾਵੇਗਾ। ਅਜਿਹਾ ਕਦੇ ਨਹੀਂ ਹੋਣ ਵਾਲਾ। ਅਸੀਂ ਕਦੇ ਵੀ ਅਮਰੀਕਾ ਦਾ 51ਵਾਂ ਸੂਬਾ ਨਹੀਂ ਬਣਾਂਗੇ।’’ ਟਰੂਡੋ ਨੇ ਪਹਿਲੀ ਵਾਰੀ ਟਰੰਪ ਨੂੰ ਸਿੱਧੇ ਤੌਰ ’ਤੇ ਉਨ੍ਹਾਂ ਦੇ ਪਹਿਲੇ ਨਾਮ ਨਾਲ ਸੰਬੋਧਿਤ ਕੀਤਾ। ਟਰੂਡੋ ਨੇ ਕਿਹਾ, ‘‘ਮੈਂ ਸਿੱਧੇ ਤੌਰ ’ਤੇ ਇਕ ਖਾਸ ਅਮਰੀਕੀ ਡੋਨਾਲਡ ਨਾਲ ਗੱਲ ਕਰਨਾ ਚਾਹੁੰਦਾ ਹਾਂ। ਵਾਲ ਸਟ੍ਰੀਟ ਜਰਨਲ ਨਾਲ ਸਹਿਮਤ ਹੋਣਾ ਮੇਰੀ ਆਦਤ ’ਚ ਨਹੀਂ ਹੈ ਪਰ ਉਹ ਦਸਦੇ ਹਨ ਕਿ ਭਾਵੇਂ ਡੋਨਾਲਡ ਤੁਸੀਂ ਬਹੁਤ ਸਮਾਰਟ ਆਦਮੀ ਹੋ ਪਰ ਇਹ ਕਰਨਾ ਬਹੁਤ ਹੀ ਮੂਰਖ ਚੀਜ਼ ਹੈ।’’

ਇਸ ਤੋਂ ਬਾਅਦ ਅਮਰੀਕੀ ਵਣਜ ਮੰਤਰੀ ਹਾਵਰਡ ਲੁਟਨਿਕ ਨੇ ਕਿਹਾ ਕਿ ਕੈਨੇਡਾ ਅਤੇ ਮੈਕਸੀਕੋ ਨਾਲ ਅਮਰੀਕਾ ਮੁਲਾਕਾਤ ਕਰ ਸਕਦਾ ਹੈ। ਲੁਟਨਿਕ ਨੇ ਦਸਿਆ ਕਿ ਟੈਰਿਫ ਨੂੰ ਰੋਕਿਆ ਨਹੀਂ ਜਾਵੇਗਾ ਪਰ ਟਰੰਪ ਸਮਝੌਤੇ ’ਤੇ ਪਹੁੰਚਣਗੇ।