ਟਰੰਪ ਨੇ ਈਰਾਨ ਨਾਲ ਇਰਾਕ ਨੂੰ ਦਿਤੀ ਚੇਤਾਵਨੀ

by

ਵਾਸ਼ਿੰਗਟਨ (NRI MEDIA) : ਟਰੰਪ ਨੇ ਈਰਾਨ ਨਾਲ ਇਰਾਕ ਨੂੰ ਵੀ ਚੇਤਾਵਨੀ ਦਿਤੀ ਹੈ। ਉਨ੍ਹਾਂ ਆਗਾਹ ਕੀਤਾ ਕਿ ਜੇਕਰ ਈਰਾਨ ਨੇ ਆਪਣੇ ਪ੍ਰਮੁੱਖ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਅਮਰੀਕਾ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਹਮਲਾਵਰ ਕਾਰਵਾਈ ਕਰਦਾ ਹੈ ਤਾਂ ਇਸਦਾ ਭਾਰੀ ਖਮਿਆਜ਼ਾ ਭੁਗਤਣਾ ਪਵੇਗਾ। ਜਦਕਿ ਇਰਾਕੀ ਸੰਸਦ ਦੇ ਮਤੇ 'ਤੇ ਟਰੰਪ ਨੇ ਬਗ਼ਦਾਦ 'ਤੇ ਸਖ਼ਤ ਪਾਬੰਦੀ ਲਗਾਉਣ ਦੀ ਧਮਕੀ ਦਿੱਤੀ। ਇਸ ਮਤੇ 'ਚ ਇਰਾਕ ਤੋਂ ਅਮਰੀਕੀ ਫ਼ੌਜੀਆਂ ਦੇ ਚਲੇ ਜਾਣ ਦੀ ਮੰਗ ਕੀਤੀ ਗਈ ਹੈ। 

ਟਰੰਪ ਦੇ ਇਸ ਬਿਆਨ 'ਤੇ ਜਰਮਨੀ ਨੇ ਕਿਹਾ ਕਿ ਇਰਾਕ ਨੂੰ ਪਾਬੰਦੀ ਦੀ ਧਮਕੀ ਦੇਣ ਨਾਲ ਕੋਈ ਫ਼ਾਇਦਾ ਨਹੀਂ ਹੋਣ ਵਾਲਾ। ਜਰਮਨੀ ਦੇ ਵਿਦੇਸ਼ ਮੰਤਰੀ ਹੇਇਕੋ ਮਾਸ ਨੇ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਤੁਸੀਂ ਧਮਕੀ ਨਾਲ ਇਰਾਕ ਨੂੰ ਸਮਝਾ ਸਕਦੇ ਹੋ।' ਟਰੰਪ ਨੇ ਐਤਵਾਰ ਨੂੰ ਫਲੋਰਿਡਾ ਤੋਂ ਵਾਸ਼ਿੰਗਟਨ ਆਉਣ ਦੌਰਾਨ ਏਅਰਫੋਰਸ ਵਨ ਜਹਾਜ਼ 'ਚ ਈਰਾਨ ਦੇ ਸੰਭਾਵਿਤ ਹਮਲੇ ਦੇ ਸਵਾਲ 'ਤੇ ਪੱਤਰਕਾਰਾਂ ਨੂੰ ਉਪਰੋਕਤ ਟਿੱਪਣੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਤਹਿਰਾਨ ਹਮਲਾ ਕਰਦਾ ਹੈ ਤਾਂ ਇਸਦਾ ਵੱਡਾ ਬਦਲਾ ਲਿਆ ਜਾਵੇਗਾ।

ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨਿਚਰਵਾਰ ਰਾਤ ਨੂੰ ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਈਰਾਨ ਨੇ ਜੇਕਰ ਅਮਰੀਕੀ ਫ਼ੌਜੀਆਂ ਜਾਂ ਹਿੱਤਾਂ ਖ਼ਿਲਾਫ ਕੋਈ ਹਮਲਾ ਕੀਤਾ ਤਾਂ ਉਸਦੇ 52 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਅਮਰੀਕੀ ਰਾਸ਼ਟਰਪਤੀ ਨੇ ਇਰਾਕੀ ਸੰਸਦ ਤੋਂ ਪਾਸ ਮਤੇ 'ਤੇ ਕਿਹਾ, 'ਅਸੀਂ ਇਰਾਕ ਛੱਡਣ ਨਹੀਂ ਜਾ ਰਹੇ। ਉੱਥੇ ਸਾਡਾ ਇਕ ਅਸਾਧਾਰਨ ਏਅਰਬੇਸ ਹੈ, ਜਿਸਨੂੰ ਬਣਾਉਣ 'ਚ ਅਰਬਾਂ ਡਾਲਰ ਖ਼ਰਚ ਹੋਏ ਹਨ। 

ਜੇਕਰ ਉਹ ਸਾਨੂੰ ਜਾਣ ਲਈ ਕਹਿੰਦੇ ਹਨ ਤਾਂ ਅਸੀਂ ਉਨ੍ਹਾਂ 'ਤੇ ਸਖਤ ਪਾਬੰਦੀ ਲਗਾ ਦੇਵਾਂਗੇ, ਜਿਸ ਬਾਰੇ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਹੋਵੇਗਾ।' ਦੱਸ ਦਈਏ ਕਿ ਈਰਾਨ ਨੇ ਪਿਛਲੇ ਸ਼ੁੱਕਰਵਾਰ ਨੂੰ ਬਗ਼ਦਾਦ ਦੇ ਏਅਰਪੋਰਟ 'ਤੇ ਹਵਾਈ ਹਮਲੇ 'ਚ ਆਪਣੇ ਪ੍ਰਮੁੱਖ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦੇ ਬਾਅਦ ਅਮਰੀਕਾ ਤੋਂ ਬਦਲਾ ਲੈਣ ਦੀ ਧਮਕੀ ਦਿੱਤੀ ਸੀ। ਈਰਾਨ ਦੇ ਸਰਬ ਉੱਚ ਨੇਤਾ ਆਇਤੁੱਲਾ ਅਲੀ ਖੁਮੈਨੀ ਨੇ ਕਿਹਾ ਸੀ, 'ਉਨ੍ਹਾਂ ਗੁਨਾਹਗਾਰਾਂ ਤੋਂ ਵੱਡਾ ਬਦਲਾ ਲਿਆ ਜਾਵੇਗਾ, ਜਿਨ੍ਹਾਂ ਨੇ ਆਪਣੇ ਹੱਥ ਉਨ੍ਹਾਂ ਦੇ (ਸੁਲੇਮਾਨੀ) ਤੇ ਹੋਰ ਸ਼ਹੀਦਾਂ ਦੇ ਖੂਨ ਨਾਲ ਰੰਗੇ ਹਨ।'

More News

NRI Post
..
NRI Post
..
NRI Post
..