ਰੂਸੀ S-400 ਮਿਜ਼ਾਈਲ ਸਿਸਟਮ ਖ਼ਰੀਦਣ ਦੇ ਫ਼ੈਸਲੇ ‘ਤੇ ਟਰੰਪ ਦੀ ਮੋਦੀ ਨੂੰ ਚੇਤਾਵਨੀ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਟਰੰਪ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਤੋਂ ਮਿਜ਼ਾਇਲ ਰੱਖਿਆ ਪ੍ਰਣਾਲੀ 'ਐੱਸ-400' ਖਰੀਦਣ ਦੇ ਫੈਸਲੇ ਨਾਲ ਅਮਰੀਕਾ ਤੇ ਭਾਰਤ ਵਿਚਾਲੇ ਰੱਖਿਆ ਸੰਬੰਧਾਂ 'ਤੇ ਗੰਭੀਰ ਅਸਰ ਪਏਗਾ। ਐੱਸ-400 ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀ ਅਤਿ-ਆਧੁਨਿਕ ਮਿਜ਼ਾਇਲ ਪ੍ਰਣਾਲੀ ਹੈ। ਚੀਨ ਨੇ ਰੂਸ ਤੋਂ ਇਹ ਪ੍ਰਣਾਲੀ ਖਰੀਦਣ ਦਾ ਭਾਰਤ ਤੋਂ ਪਹਿਲਾਂ 2014 ਵਿਚ ਸਮਝੌਤਾ ਕੀਤਾ ਸੀ। ਭਾਰਤ ਤੇ ਰੂਸ ਨੇ ਪਿਛਲੇ ਸਾਲ ਅਕਤੂਬਰ ਵਿਚ ਪੰਜ ਅਰਬ ਡਾਲਰ ਦਾ ਸਮਝੌਤਾ ਕੀਤਾ ਸੀ। ਇਹ ਸਮਝੌਤਾ ਪ੍ਰਧਾਨ ਮੰਤਰੀ ਮੋਦੀ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਵਿਆਪਕ ਚਰਚਾ ਦੇ ਬਾਅਦ ਹੋਇਆ ਸੀ। 

ਹੁਣ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਵੱਲੋਂ ਇਹ ਪ੍ਰਣਾਲੀ ਖਰੀਦਣਾ ਅਮਰੀਕਾ ਲਈ ਅਹਿਮ ਹੈ। ਅਮਰੀਕਾ ਇਹ ਨਹੀਂ ਮੰਨਦਾ ਕਿ ਇਹ ਕੋਈ ਵੱਡੀ ਗੱਲ ਨਹੀਂ। ਐੱਸ-400 ਮਿਜ਼ਾਇਲ ਪ੍ਰਣਾਲੀ ਸੌਦੇ ਦਾ ਨਤੀਜਾ ਅਮਰੀਕੀ ਰੋਕਾਂ ਦੇ ਰੂਪ ਵਿਚ ਸਾਹਮਣੇ ਆ ਸਕਦਾ ਹੈ। ਅਮਰੀਕੀ ਕਾਂਗਰਸ ਨੇ ਰੂਸ ਤੋਂ ਹਥਿਆਰਾਂ ਦੀ ਖਰੀਦ ਨੂੰ ਰੋਕਣ ਲਈ 'ਕਾਊਂਟਰਿੰਗ ਅਮੇਰਿਕਾਜ਼ ਐਡਵਰਸਰੀਜ਼ ਥਰੂ ਸੈਂਕਸ਼ਨਜ਼ ਐਕਟ' ਬਣਾਇਆ ਸੀ ਤੇ ਇਸੇ ਕਾਨੂੰਨ ਤਹਿਤ ਅਮਰੀਕਾ ਰੋਕਾਂ ਲਾ ਸਕਦਾ ਹੈ। 

ਅਮਰੀਕੀ ਬੁਲਾਰੇ ਨੇ ਕਿਹਾ ਕਿ ਜੇ ਭਾਰਤ ਐੱਸ-400 ਮਿਜ਼ਾਇਲ ਪ੍ਰਣਾਲੀ ਖਰੀਦਣ ਦੇ ਫੈਸਲੇ 'ਤੇ ਅੱਗੇ ਵਧਦਾ ਹੈ ਤਾਂ ਉਸ ਨਾਲ ਰੱਖਿਆ ਸੰਬੰਧਾਂ 'ਤੇ ਗੰਭੀਰ ਅਸਰ ਪਏਗਾ। ਟਰੰਪ ਪ੍ਰਸ਼ਾਸਨ ਦੀ ਸੋਚ ਹੈ ਕਿ ਰੂਸ ਦੀ ਉੱਨਤ ਟੈਕਨਾਲੋਜੀ ਖਰੀਦਣ ਨਾਲ ਰੂਸ ਨੂੰ ਗਲਤ ਸੰਦੇਸ਼ ਜਾਏਗਾ, ਜਦੋਂ ਕਿ ਉਸ ਨੇ ਹਮਲਾਵਰ ਰੁਖ ਅਪਣਾਇਆ ਹੋਇਆ ਹੈ।