ਨਿਊਯਾਰਕ ਵਾਸੀ ਟਰੰਪ ਹੁਣ ਹੋਏ ਫਲੋਰੀਡਾ ਵਾਸੀ, ਬਦਲਿਆ ਆਪਣਾ ਪਤਾ

by

ਵਾਸ਼ਿੰਗਟਨ ਡੈਸਕ (Vikram Sehajpal) : ਅਮਰੀਕੀ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਕਿ ਉਹ ਆਪਣੇ ਸਥਾਈ ਨਿਵਾਸ ਨੂੰ ਨਿਊਯਾਰਕ ਤੋਂ ਫਲੋਰਿਡਾ ਦੇ ਪਾਮ ਬੀਚ 'ਤੇ ਬਦਲ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਜੱਦੀ ਸ਼ਹਿਰ ਵਿਚ ਉਨ੍ਹਾਂ ਨਾਲ ਬਹੁਤ ਹੀ ਮਾੜਾ ਵਿਵਹਾਰ ਹੋਇਆ ਹੈ। ਟਰੰਪ ਨੇ ਟਵੀਟ ਕੀਤਾ,' ਮੇਰਾ ਪਰਿਵਾਰ ਅਤੇ ਮੈਂ ਫਲੋਰਿਡਾ ਦੇ ਪਾਮ ਬੀਚ ਨੂੰ ਆਪਣਾ ਸਥਾਈ ਨਿਵਾਸ ਬਣਾ ਰਹੇ ਹਾਂ। ਮੈਂ ਨਿਊਯਾਰਕ ਅਤੇ ਨਿਊਯਾਰਕ ਦੇ ਲੋਕਾਂ ਨਾਲ ਪਿਆਰ ਕਰਦਾ ਹਾਂ ਅਤੇ ਹਮੇਸ਼ਾ ਕਰਦਾ ਰਹਾਂਗਾ। 

ਪਰ ਬਦਕਿਸਮਤੀ ਇਹ ਹੈ ਕਿ ਹਰ ਸਾਲ ਸ਼ਹਿਰ, ਸੂਬੇ ਅਤੇ ਸਥਾਨਕ ਟੈਕਸਾਂ ਵਿਚ ਲੱਖਾਂ ਡਾਲਰ ਦਾ ਭੁਗਤਾਨ ਕਰਨ ਦੇ ਬਾਵਜੂਦ ਸ਼ਹਿਰ ਅਤੇ ਸੂਬੇ ਦੋਵੇਂ ਦੇ ਰਾਜਨੀਤਿਕ ਨੇਤਾਵਾਂ ਨੇ ਮੇਰੇ ਨਾਲ ਬੁਰਾ ਵਿਵਹਾਰ ਕੀਤਾ ਅਤੇ ਕੁਝ ਲੋਕਾਂ ਨੇ ਤਾਂ ਬਹੁਤ ਹੀ ਮਾੜਾ ਵਿਵਹਾਰ ਕੀਤਾ ਹੈ। ਇਕ ਰਿਪੋਰਟ ਮੁਤਾਬਕ,ਟਰੰਪ ਨਿਊਯਾਰਕਰ ਹਨ। ਉਨ੍ਹਾਂ ਦੀ ਪਤਨੀ ਮੇਲਾਨੀਆ ਨੇ ਸਤੰਬਰ ਵਿਚ ਨਿੱਜੀ ਤੌਰ 'ਤੇ ਐਲਾਨ ਕਰਦੇ ਹੋਏ ਮੈਲਹਟੱਨ ਦੀ ਥਾਂ ਪਾਮ ਬੀਚ ਨੂੰ ਮੁੱਢਲਾ ਨਿਵਾਸ ਦੱਸਿਆ ਸੀ। 

ਖ਼ਬਰ ਮੁਤਾਬਿਕ ਵਾਇਟ ਹਾਊਸ ਦੇ ਅਧਿਕਾਰੀਆਂ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਟਰੰਪ ਨੇ ਆਪਣਾ ਮੁੱਢਲਾ ਨਿਵਾਸ ਸਥਾਨ ਕਿਉਂ ਬਦਲਿਆ। ਜੇ ਰਾਸ਼ਟਰਪਤੀ ਦੇ ਨਜ਼ਦੀਕੀ ਸੂਤਰਾਂ ਦੀ ਮੰਨੀਏ ਤਾਂ ਇਹ ਮੁੱਖ ਰੂਪ ਵਿਚ ਟੈਕਸ ਬਚਾਉਣ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ। ਵਾਇਟ ਹਾਊਸ ਤੋਂ ਇਲਾਵਾ ਟਰੰਪ ਦਾ ਮੁੱਖ ਨਿਵਾਸ ਹੁਣ ਉਨ੍ਹਾਂ ਦਾ ਮਾਰ-ਏ-ਲਾਗੋ ਰਿਸਾਰਟ ਹੋਵੇਗਾ। ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਇਥੇ ਸਿਰਫ 99 ਦਿਨ ਹੀ ਬਿਤਾਏ, ਜਦਕਿ ਪੁਰਾਣੇ ਨਿਵਾਸ ਟਰੰਪ ਟਾਵਰ ਵਿਚ ਮਹਿਜ਼ 20 ਦਿਨ ਹੀ ਬਿਤਾਏ ਸਨ।