SBI ਦੇ ਏਟੀਐਮ ਨੂੰ ਲੁੱਟਣ ਦੀ ਲੁਟੇਰਿਆਂ ਵੱਲੋਂ ਤੜਕਸਾਰ 2 ਵਜੇ ਕੋਸ਼ਿਸ਼

by

ਸ੍ਰੀ ਅਨੰਦਪੁਰ ਸਾਹਿਬ : ਕੀਰਤਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਮਾਰਗ ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਏਟੀਐਮ ਨੂੰ ਲੁੱਟਣ ਦੀ ਲੁਟੇਰਿਆਂ ਵੱਲੋਂ 19 ਮਈ ਨੂੰ ਤੜਕਸਾਰ 2 ਵਜੇ ਕੋਸ਼ਿਸ਼ ਨਜ਼ਦੀਕ ਰਹਿੰਦੇ ਪਰਵਾਸੀ ਮਜ਼ਦੂਰਾਂ ਤੇ ਸਥਾਨਕ ਪੁਲਿਸ ਦੀ ਮੁਸਤੈਦੀ ਕਾਰਨ ਪੂਰੀ ਤਰ੍ਹਾਂ ਦੇ ਨਾਲ ਅਸਫਲ ਹੋ ਗਈ ਤੇ ਲੁਟੇਰੇ ਫਰਾਰ ਹੋ ਗਏ। ਇਸ ਏਟੀਐੱਮ ਲੁੱਟ ਦੀ ਨਾਕਾਮ ਰਹੀ ਕੋਸ਼ਿਸ਼ ਬਾਰੇ ਦੱਸਦੇ ਹੋਏ ਐੱਸਐੱਚਓ ਸ਼ਵਿੰਦਰ ਪਾਲ ਸਿੰਘ ਅਤੇ ਚੌਂਕੀ ਇੰਚਾਰਜ ਸਰਬਜੀਤ ਸਿੰਘ ਕੁਲਗਰਾਂ ਨੇ ਦੱਸਿਆ ਕਿ ਅੱਜ 19 ਮਈ ਨੂੰ ਸਵੇਰੇ 2 ਵਜੇ ਮੁੱਖ ਮਾਰਗ ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਏਟੀਐੱਮ ਨੂੰ ਲੁੱਟਣ ਦੇ ਇਰਾਦੇ ਨਾਲ ਕੁੱਝ ਲੁਟੇਰੇ ਆਏ ਤੇ ਉਨ੍ਹਾਂ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਨੂੰ ਭੰਨਿ੍ਹਆ ਤੇ ਫਿਰ ਏਟੀਐਮ ਨੂੰ ਲੁੱਟਣ ਦਾ ਕੰਮ ਸ਼ੁਰੂ ਕੀਤਾ। ਇਸ ਦੌਰਾਨ ਉਹ ਰਾਜਪੁਰਾ ਤੋਂ ਦੋ ਦਿਨ ਪਹਿਲਾਂ ਰਾਤ ਨੂੰ 2.30 ਵਜੇ ਚੋਰੀ ਕੀਤੀ ਗਈ ਇਕ ਰਿਕਵਰੀ ਵੈਨ ਨੂੰ ਵੀ ਲੈ ਕੇ ਆਏ ਹੋਏ ਸਨ। ਜਦੋਂ ਉਹ ਲੁੱਟ ਦੀ ਕੋਸ਼ਿਸ਼ ਨੂੰ ਅੰਜ਼ਾਮ ਦੇ ਰਹੇ ਸਨ ਤਾਂ ਨਾਲ ਹੀ ਰਹਿੰਦੇ ਪਰਵਾਸੀ ਮਜ਼ਦੂਰਾਂ ਨੇ ਖੜਕਾ ਸੁਣ ਲਿਆ ਤੇ ਹਿਲਜੁਲ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਤੁਰੰਤ ਹੀ ਸਥਾਨਕ ਪੁਲਿਸ ਵੀ ਮੁਸਤੈਦੀ ਵਿਖਾਉਂਦੇ ਹੋਏ ਆ ਗਈ।ਜਦੋਂ ਉਨ੍ਹਾਂ ਪੁਲਿਸ ਨੂੰ ਆਉਂਦੇ ਵੇਖਿਆ ਅਤੇ ਮਜ਼ਦੂਰਾਂ ਦੀ ਹਲਚਲ ਵੇਖੀ ਤਾਂ ਉਹ ਮੌਕੇ 'ਤੇ ਹੀ ਰਿਕਵਰੀ ਵੈਨ ਛੱਡ ਕੇ ਤੁਰੰਤ ਫਰਾਰ ਹੋ ਗਏ। ਹਾਲਾਂਕਿ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਰਾਤ ਦਾ ਹਨ੍ਹੇਰਾ ਹੋਣ ਦਾ ਲਾਹਾ ਲੈਂਦੇ ਹੋਏ ਉਹ ਨੰਗਲ ਵਾਲੇ ਪਾਸੇ ਵੱਲ ਭੱਜਣ ਵਿੱਚ ਕਾਮਯਾਬ ਹੋ ਗਏ ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਫਿੰਗਰ ਪਿ੍ਰੰਟ ਮਾਹਿਰਾਂ ਦੀ ਟੀਮ ਬੁਲਾਈ ਗਈ ਤੇ ਲੋੜੀਂਦੀ ਕਾਰਵਾਈ ਕਰਨ ਤੋਂ ਬਾਅਦ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਧਾਰਾ 457, 380, 427 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।