ਧਨਾਸਰੀ ਮਹਲਾ ੫ ॥ ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥ ਖਾਟਣ ਕਉ ਹਰਿ ਹਰਿ ਰੋਜਗਾਰੁ ॥ ਸੰਚਣ ਕਉ ਹਰਿ ਏਕੋ ਨਾਮੁ ॥ ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥ ਨਾਮਿ ਰਤੇ ਪ੍ਰਭ ਰੰਗਿ ਅਪਾਰ ॥ ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥
ਅਰਥ : ਹੇ ਭਾਈ! ਮੈਨੂੰ ਆਜਿਜ਼ ਨੂੰ ਪਰਮਾਤਮਾ ਦਾ ਨਾਮ (ਹੀ) ਆਸਰਾ ਹੈ, ਮੇਰੇ ਵਾਸਤੇ ਖੱਟਣ ਕਮਾਣ ਲਈ ਪਰਮਾਤਮਾ ਦਾ ਨਾਮ ਹੀ ਰੋਜ਼ੀ ਹੈ। ਮੇਰੇ ਵਾਸਤੇ ਇਕੱਠਾ ਕਰਨ ਲਈ (ਭੀ) ਪਰਮਾਤਮਾ ਦਾ ਨਾਮ ਹੀ ਹੈ। (ਜੇਹੜਾ ਮਨੁੱਖ ਹਰਿ-ਨਾਮ-ਧਨ ਇਕੱਠਾ ਕਰਦਾ ਹੈ) ਇਸ ਲੋਕ ਤੇ ਪਰਲੋਕ ਵਿਚ ਉਸ ਦੇ ਕੰਮ ਆਉਂਦਾ ਹੈ ॥੧॥ ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਮਸਤ ਹੋ ਕੇ, ਸੰਤ ਜਨ ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ- ਇੱਕ ਨਿਰੰਕਾਰ ਦੇ ਗੁਣ ਗਾਂਦੇ ਰਹਿੰਦੇ ਹਨ ॥ ਰਹਾਉ ॥


