ਟਵਿੱਟਰ ਵੱਲੋਂ ਕਿਸਾਨ ਏਕਤਾ ਮੋਰਚਾ ਤੇ ਕਾਰਵਾਂ ਇੰਡੀਆ ਸਣੇ 250 ਖਾਤੇ ਬੰਦ, ਫਿਰ ਚਾਲੂ ਕੀਤੇ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਭਾਰਤ ਸਰਕਾਰ ਦੇ ਤਿੰਨ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਖ਼ਤਮ ਕਰਨ ਲਈ ਕੋਸ਼ਿਸ਼ਾਂ ਦੌਰਾਨ ਪਹਿਲਾਂ ਦਿੱਲੀ ਵਿੱਚ ਮੋਰਚੇ ਵਾਲੀ ਥਾਂ ਇੰਟਰਨੈੱਟ ਬੰਦ ਕੀਤੇ ਗਏ ਤੇ ਫਿਰ ਕਿਸਾਨ ਏਕਤਾ ਮੋਰਚਾ ਤੇ ਕਾਰਵਾਂ ਇੰਡੀਆ ਸਣੇ 250 ਖਾਤੇ ਯਾਨੀ ਕਿ ਟਵਿੱਟਰ ਹੈਂਡਲ ਬੰਦ ਕਰ ਦਿਤੇ ਗਏ, ਜਿਸ ਬਾਰੇ ਸਾਰੇ ਦੇਸ਼ ਵਿੱਚ ਰੋਸ ਫੈਲ ਜਾਣ ਮਗਰੋਂ ਇਸ ਨੂੰ ਸ਼ਾਮ ਹੋਣ ਤੱਕ ਚਾਲੂ ਵੀ ਕਰ ਦਿੱਤਾ ਗਿਆ, ਪਰ ਇਸ ਨਾਲ ਤਨਾਅ ਵਧ ਗਿਆ ਹੈ।

ਕਿਸਾਨ ਏਕਤਾ ਮੋਰਚਾ ਦੇ ਆਈ.ਟੀ. ਸੈੱਲ ਦੇ ਹੈੱਡ ਬਲਜੀਤ ਸਿੰਘ ਨੇ ਦੱਸਿਆ ਕਿ ‘ਸਰਕਾਰ ਨੇ ਕਿਸਾਨ ਏਕਤਾ ਮੋਰਚਾ ਤੇ ਉਸ ਨਾਲ ਜੁੜੇ ਕੁਝ ਹੋਰ ਟਵਿੱਟਰ ਹੈਂਡਲਾਂ ਉੱਤੇ ਰੋਕ ਲਾ ਦਿੱਤੀ ਹੈ।’ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੇ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਹਿਲਾਂ ਦਿੱਲੀ ਵਿੱਚ ਮੋਰਚੇ ਵਾਲੀ ਥਾਂ ਇੰਨਟਰਨੈੱਟ ਸੇਵਾ ਬੰਦ ਕੀਤੀ ਤੇ ਫਿਰ ਕਿਸਾਨ ਏਕਤਾ ਮੋਰਚਾ ਦਾ ਟਵਿੱਟਰ ਹੈਂਡਲ ਬੰਦ ਕਰਵਾ ਦਿੱਤਾ ਗਿਆ ਹੈ। ਕਿਸਾਨ ਇਸ ਟਵਿੱਟਰ ਹੈਂਡਲ ਤੋਂ ਸਾਰੀ ਜਾਣਕਾਰੀ ਕਿਸਾਨਾਂ ਨਾਲ ਸਾਂਝਾ ਕਰਦੇ ਸਨ।

ਇਸ ਬਾਰੇ ਸਾਰੇ ਦੇਸ਼ ਵਿੱਚ ਹੰਗਾਮਾ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਪਲੈਟਫਾਰਮ ਟਵਿੱਟਰ ਨੇ ਦੇਰ ਸ਼ਾਮ ਕਿਸਾਨ ਸੰਘਰਸ਼ ਨਾਲ ਜੁੜੇ ਉਹ ਸਾਰੇ ਖਾਤੇ ਬਹਾਲ ਕਰ ਦਿੱਤੇ ਹਨ, ਜਿਹੜੇ ਦਿਨ ਵੇਲੇ ਸਸਪੈਂਡ ਕੀਤੇ ਸਨ। ਸੰਘਰਸ਼ ਦੇ ਨਾਲ ਜੁੜੇ ਇੱਕ ਵਰਕਰ ਨੇ ਦੱਸਿਆ ਕਿ ਉਨ੍ਹਾਂ ਦੇ ਨਿੱਜੀ ਖਾਤੇ ਦੇ ਨਾਲ-ਨਾਲ ਟਰੈਕਟਰ-ਟੂ-ਟਵਿੱਟਰ ਅਤੇ ਹੋਰ ਖਾਤੇ ਵੀ ਬਹਾਲ ਕਰ ਦਿੱਤੇ ਗਏ ਹਨ।

ਵਰਨਣ ਯੋਗ ਹੈ ਕਿ ਦਿਨ ਵੇਲੇ ਟਵਿੱਟਰਨੇ ਇਹ ਖਾਤੇ ਇਹ ਕਹਿ ਕੇ ਸਸਪੈਂਡ ਕੀਤੇ ਸਨ ਕਿ ਇਨ੍ਹਾਂ ਖਿਲਾਫ ਕਾਨੂੰਨੀ ਸ਼ਿਕਾਇਤ ਮਿਲੀ ਹੈ। ਕਰੀਬ 250 ਖਾਤੇ ਸਸਪੈਂਡ ਕੀਤੇ ਸਨ, ਪਰ ਦੇਰ ਸ਼ਾਮ ਨੂੰ ਸਾਰੇ ਖਾਤੇ ਬਹਾਲ ਹੋਣ ਦੀ ਪੁਸ਼ਟੀ ਹੋ ਗਈ ਹੈ। ਦਿੱਲੀ ਬਾਰਡਰਾਂ ਉੱਤੇ ਇੰਟਰਨੈਟ ਬੰਦ ਕਰਨ ਮਗਰੋਂ ਇਹ ਖਾਤੇ ਸਸਪੈਂਡ ਕਰਨ ਨੂੰ ਕੇਂਦਰ ਸਰਕਾਰ ਦਾ ਵੱਡਾ ਹੱਲਾ ਮੰਨਿਆ ਗਿਆ ਸੀ, ਪਰ ਸੋਸ਼ਲ ਮੀਡੀਆ ਉੱਤੇ ਰੌਲੇ ਪਿੱਛੋਂ ਸੋਸ਼ਲ ਮੀਡੀਆ ਪਲੈਟਫਾਰਮ ਨੇ ਇਹ ਸਾਰੇ ਖਾਤੇ ਬਹਾਲ ਕਰ ਦਿੱਤੇ ਹਨ।