ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦਿੰਦਿਆਂ ਕੰਗਨਾ ਰਣੌਤ ਦੇ 2 ਟਵੀਟ ਹਟਾਏ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਟਵਿੱਟਰ ਇੰਡੀਆ ਨੇ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦਿੰਦਿਆਂ ਅੱਜ ਹਿੰਦੀ ਫਿਲਮਾਂ ਦੀ ਅਦਾਕਾਰਾ ਕੰਗਨਾ ਰਣੌਤ ਦੇ ਦੋ ਟਵੀਟ ਹਟਾ ਦਿੱਤੇ ਹਨ।

ਕੰਗਨਾ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੀ ਆਲੋਚਨਾ ਕਰ ਰਹੀ ਸੀ। ਕੰਗਨਾ ਦਾ ਟਵੀਟ ਲੱਭਣ ਦੀ ਕੋਸ਼ਿਸ਼ ਕਰਨ ’ਤੇ ਇਹ ਸੁਨੇਹਾ ਮਿਲਦਾ ਹੈ, ‘ਇਹ ਟਵੀਟ ਹੁਣ ਉਪਲੱਭਧ ਨਹੀਂ ਹਨ ਕਿਉਂਕਿ ਇਸ ਨੇ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ।’ ਇੱਕ ਟਵੀਟ ’ਚ ਕੰਗਨਾ ਨੇ ਦੇਸ਼ ’ਚ ਕੈਂਸਰ ਖਤਮ ਹੋਣ ਦੀ ਗੱਲ ਕਹੀ ਸੀ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਟਵਿੱਟਰ ਨੇ ਕੰਗਨਾ ਖ਼ਿਲਾਫ਼ ਕਾਰਵਾਈ ਕੀਤੀ ਹੈ।

ਅਦਾਕਾਰਾ ਦਾ ਟਵਿੱਟਰ ਹੈਂਡਲ ਪਿਛਲੇ ਮਹੀਨੇ ਐਮਾਜ਼ੋਨ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ ‘ਤਾਂਡਵ’ ਕਾਰਨ ਪੈਦਾ ਹੋਏ ਵਿਵਾਦ ਦੇ ਸੰਦਰਭ ’ਚ ਕੀਤੇ ਟਵੀਟ ਲਈ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਉਸ ਨੇ ਟਵੀਟ ਕੀਤਾ ਸੀ, ‘ਉਨ੍ਹਾਂ ਦਾ ਸਿਰ ਧੜ ਤੋਂ ਵੱਖ ਕਰਨ ਦਾ ਸਮਾਂ ਆ ਗਿਆ ਹੈ’, ਜਿਸ ਖ਼ਿਲਾਫ਼ ਟਵਿੱਟਰ ਦੇ ਕਈ ਵਰਤੋਂਕਾਰਾਂ ਨੇ ਸ਼ਿਕਾਇਤ ਕੀਤੀ ਸੀ।