ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦੇ 2 ਗੈਂਗਸਟਰ ਆਏ ਪੁਲਿਸ ਅੜਿੱਕੇ

by jaskamal

ਨਿਊਜ਼ ਡੈਸਕ : ਐੱਸਏਐੱਸ ਨਗਰ ਪੁਲਸ ਅਤੇ ਏਜੀਟੀ ਐੱਫ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਲਾਰੈਂਸ ਬਿਸ਼ਨੋਈ ਗੈਂਗ ਅਤੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਮੋਹਾਲੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਗਗਨਦੀਪ ਸਿੰਘ ਉਰਫ਼ ਗਾਗੀ ਪੁੱਤਰ ਮਲਕੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਲਖਵਿੰਦਰ ਸਿੰਘ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਪਿੰਡ ਕਿੰਗਰਾ, ਡੱਬਵਾਲੀ, ਜ਼ਿਲ੍ਹਾ ਸਿਰਸਾ ਹਰਿਆਣਾ ਦੇ ਵਸਨੀਕ ਹਨ।

ਇਨ੍ਹਾਂ ਨੂੰ ਦਾਰਾ ਸਟੂਡੀਓ, ਜੁਝਾਰ ਨਗਰ, ਮੋਹਾਲੀ ਨੇੜਿਓਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋਂ ਦੋ 32 ਕੈਲੀਬਰ ਪਿਸਤੌਲ, 08 ਜ਼ਿੰਦਾ ਕਾਰਤੂਸ ਤੇ ਇਕ ਸਕਾਰਪੀਓ ਗੱਡੀ ਬਰਾਮਦ ਕੀਤੀ ਗਈ ਹੈ। ਸੋਨੀ ਨੇ ਅੱਗੇ ਦੱਸਿਆ ਕਿ ਗਗਨਦੀਪ ਉਰਫ਼ ਗਾਗੀ ਤੇ ਗੁਰਪ੍ਰੀਤ ਉਰਫ਼ ਗੋਪੀ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮੰਨਾ ਰਾਹੀਂ ਕੈਨੇਡਾ ਸਥਿਤ ਗੈਂਗਸਟਰ ਗੋਡਲੀ ਬਰਾੜ ਦੇ ਸੰਪਰਕ 'ਚ ਹਨ, ਜਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਹਮਲਾਵਰਾਂ ਨੂੰ ਟੋਇਟਾ ਕੋਰੋਲਾ ਕਾਰ ਮੁਹੱਈਆ ਕਰਵਾਈ ਸੀ। ਹਾਲ ਹੀ 'ਚ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਮਨਪ੍ਰੀਤ ਸਿੰਘ ਉਰਫ਼ ਮੰਨਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।