ਕੈਨੇਡਾ ਸੜਕ ਹਾਦਸੇ ’ਚ ਦੋ ਪੰਜਾਬੀ ਪੁੱਤਾਂ ਦੀ ਮੌਤ !

by vikramsehajpal

ਸਰੀ (ਸਾਹਿਬ) - ਸਰੀ ’ਚ ਵਾਪਰੇ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚੋਂ ਇੱਕ ਨੌਜਵਾਨ ਮੋਗਾ ਜ਼ਿਲ੍ਹੇ ਦੇ ਪਿੰਡ ਕਾਹਨ ਸਿੰਘ ਵਾਲਾ ਤੇ ਦੂਜਾ ਤਲਵੰਡੀ ਭਾਈ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਚਰਨਪ੍ਰੀਤ ਸਿੰਘ (25) ਵਾਸੀ ਪਿੰਡ ਕਾਹਨ ਸਿੰਘ ਵਾਲਾ ਕਰੀਬ 10 ਮਹੀਨੇ ਪਹਿਲਾਂ ਪੜ੍ਹਾਈ ਕਰਨ ਕੈਨੇਡਾ ਗਿਆ ਸੀ। ਬੀਤੇ ਦਿਨ ਸਰੀ ’ਚ ਉਹ ਆਪਣੇ ਸਾਥੀ ਵਿਦਿਆਰਥੀ ਸੰਜੀਵ ਕੁਮਾਰ ਸਚਦੇਵਾ ਪੁੱਤਰ ਸੀਬਾ ਅਰੋੜਾ ਨਾਲ ਕਿਸੇ ਕੰਮ ਜਾ ਰਿਹਾ ਸੀ ਤਾਂ ਉਹ ਕਿਸੇ ਵਾਹਨ ਦੀ ਲਪੇਟ ’ਚ ਆ ਗਏ। ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ।

ਹਾਦਸੇ ’ਚ ਉਨ੍ਹਾਂ ਦੇ ਦੋ ਹੋਰ ਸਾਥੀ ਗੰਭੀਰ ਜ਼ਖ਼ਮੀ ਹੋ ਗਏ। ਸੰਜੀਵ ਕੁਮਾਰ ਤਿੰਨ ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ। ਸੰਜੀਵ ਕੁਮਾਰ ਦੀ ਮੌਤ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸਤਪਾਲ ਸਿੰਘ, ਨਗਰ ਕੌਂਸਲ ਪ੍ਰਧਾਨ ਤਰਸੇਮ ਸਿੰਘ ਮੱਲਾ ਆਦਿ ਨੇ ਦੁੱਖ ਦਾ ਇਜ਼ਹਾਰ ਕੀਤਾ।