ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਬੇਲਾਰੂਸ ‘ਚ ਰੂਸ ਨਾਲ ਗੱਲਬਾਤ ਤੋਂ ਕੋਰੀ ਨਾਂਹ

by jaskamal

ਨਿਊਜ਼ ਡੈਸਕ : ਯੂਕਰੇਨ ਤੇ ਰੂਸ ਵਿਚਕਾਰ ਜੰਗ ਦਾ ਅੱਜ ਚੌਥਾ ਦਿਨ ਹੈ। ਲਿਹਾਜ਼ਾ ਰੂਸ ਦੇ ਹਮਲੇ ਭਿਆਨਕ ਤੇ ਤੇਜ਼ ਹੁੰਦੇ ਜਾ ਰਹੇ ਹਨ। ਇਸ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਰੂਸ ਨਾਲ ਸ਼ਾਂਤੀ ਵਾਰਤਾ ਕਰਨ ਲਈ ਤਿਆਰ ਹੈ ਪਰ ਬੇਲਾਰੂਸ 'ਚ ਨਹੀਂ, ਜੋ ਮਾਸਕੋ ਦੀ ਤਿੰਨ ਦਿਨਾਂ ਹਮਲੇ ਲਈ ਜ਼ਮੀਨੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਐਤਵਾਰ ਨੂੰ ਇਕ ਵੀਡੀਓ ਸੰਦੇਸ਼ 'ਚ ਵਾਰਤਾ ਦੇ ਵਿਕਲਪਿਕ ਸਥਾਨਾਂ ਦੇ ਤੌਰ 'ਤੇ ਵਾਰਸਾ, ਬ੍ਰਾਟੀਸਲਾਵਾ, ਇਸਤਾਂਬੁਲ, ਬੁਡਾਪੇਸਟ ਜਾਂ ਬਾਕੂ ਦਾ ਨਾਮ ਲਿਆ। 

ਉਨ੍ਹਾਂ ਕਿਹਾ ਕਿ ਗੱਲਬਾਤ ਹੋਰ ਥਾਵਾਂ 'ਤੇ ਵੀ ਹੋ ਸਕਦੀ ਹੈ ਪਰ ਸਪੱਸ਼ਟ ਕੀਤਾ ਕਿ ਯੂਕਰੇਨ ਬੇਲਾਰੂਸ 'ਚ ਗੱਲਬਾਤ ਨਹੀਂ ਕਰੇਗਾ। ਕ੍ਰੇਮਲਿਨ ਨੇ ਐਤਵਾਰ ਨੂੰ ਕਿਹਾ ਕਿ ਯੂਕ੍ਰੇਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਇਕ ਵਫਦ ਬੇਲਾਰੂਸ ਦੇ ਸ਼ਹਿਰ ਹੋਮੇਲ ਪਹੁੰਚਿਆ ਹੈ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਵਫਦ ਵਿਚ ਫ਼ੌਜੀ ਅਧਿਕਾਰੀ ਅਤੇ ਡਿਪਲੋਮੈਟ ਸ਼ਾਮਲ ਸਨ। ਉਨ੍ਹਾਂ ਨੇ ਕਿਹਾ, ''ਰੂਸੀ ਵਫ਼ਦ ਗੱਲਬਾਤ ਲਈ ਤਿਆਰ ਹੈ ਅਤੇ ਅਸੀਂ ਯੂਕ੍ਰੇਨੀ ਅਧਿਕਾਰੀਆਂ ਦੀ ਉਡੀਕ ਕਰ ਰਹੇ ਹਾਂ।'' ਰੂਸ ਨੇ ਵੀਰਵਾਰ ਨੂੰ ਯੂਕ੍ਰੇਨ 'ਤੇ ਹਮਲਾ ਕੀਤਾ ਅਤੇ ਉਸ ਦੀਆਂ ਫ਼ੌਜਾਂ ਮਾਸਕੋ ਦੇ ਸਹਿਯੋਗੀ ਬੇਲਾਰੂਸ ਵੱਲ ਉੱਤਰ ਵੱਲ ਵਧ ਰਹੀਆਂ ਹਨ।