ਲਾਵਾਰਿਸ ਬੈਗ ਨੇ ਜਲੰਧਰ ਪੁਲਿਸ ਨੂੰ ਪਈਆਂ ਭਾਜੜਾਂ

by vikramsehajpal

ਜਲੰਧਰ (ਦੇਵ ਇੰਦਰਜੀਤ) : 15 ਅਗਸਤ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਦੇ ਜ਼ਿਲ੍ਹਿਆਂ ’ਚ ਚੌਕਸੀ ਵਧਾ ਦਿੱਤੀ ਗਈ ਹੈ। ਇਸੇ ਤਹਿਤ ਪੰਜਾਬ ਪੁਲਸ ਵੱਲੋਂ ਵੱਖ-ਵੱਖ ਥਾਵਾਂ ’ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ। ਇਸ ਦਰਮਿਆਨ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਿਟੀ ਰੇਲਵੇ ਸਟੇਸ਼ਨ ਦੇ ਮੇਨ ਗੇਟ ਤੋਂ ਲਾਵਾਰਿਸ ਬੈਗ ਮਿਲਿਆ। ਲਾਵਾਰਿਸ ਬੈਗ ਮਿਲਣ ਨਾਲ ਮੌਕੇ ’ਤੇ ਪੁਲਸ ਨੂੰ ਭਾਜੜਾਂ ਪੈ ਗਈਆਂ।

ਮੌਕੇ ’ਤੇ ਜੀ. ਆਰ. ਪੀ. ਆਰ. ਪੀ. ਐੱਫ. ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਇਸ ਦੌਰਾਨ ਡੌਗ ਸਕਵਾਇਡ ਅਤੇ ਬੰਬ ਰੋਕੂ ਦਸਤੇ ਸਮੇਤ ਫਾਇਰ ਬਿ੍ਰਗੇਡ ਅਤੇ ਐਂਬੂਲੈਂਸ ਵੀ ਮੌਕੇ ’ਤੇ ਮੌਜੂਦ ਹੈ। ਉਥੇ ਹੀ ਪੁਲਸ ਵੱਲੋਂ ਮੌਕ ਡਰਿੱਲ ਕਰਨ ਦੀ ਵੀ ਗੱਲ ਸਾਹਮਣੇ ਆਈ ਹੈ।

ਪੁਲਸ ਨੇ ਸਾਰੇ ਸਟੇਸ਼ਨ ਨੂੰ ਸੀਲ ਕਰ ਦਿੱਤਾ ਹੈ ਅਤੇ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਬੰਬ ਸਕਵਾਇਡ ਦੀ ਟੀਮ ਬੈਗ ਦੀ ਜਾਂਚ ਕਰ ਰਹੀ ਹੈ। ਬੈਗ ਦੇ ਅੰਦਰ ਇਕ ਬਾਕਸ ਵੀ ਮਿਲਿਆ ਹੈ, ਜਿਸ ’ਚ ਬੰਬਨੂਮਾ ਚੀਜ਼ ਹੋਣ ਦਾ ਸ਼ੱਕ ਹੈ। ਫਿਲਹਾਲ ਸਟੇਸ਼ਨ ’ਤੇ ਦਹਿਸ਼ਤ ਦਾ ਮਾਹੌਲ ਹੈ ਅਤੇ ਜਾਂਚ ਜਾਰੀ ਹੈ।