ਪਟਿਆਲਾ (ਰਾਘਵ): ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਇਕ ਦਿਨ ਦੇ ਦੌਰੇ 'ਤੇ ਪੰਜਾਬ ਪਹੁੰਚੇ। ਇਸ ਦੌਰਾਨ ਉਹ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਣੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਲਈ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿਚ ਰੱਖੀ ਗਈ ਕਿਸਾਨ ਮਿਲਣੀ ਵਿਚ ਪਹੁੰਚੇ। ਜਿੱਥੇ ਉਨ੍ਹਾਂ ਨੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਕੇਂਦਰ ਦੀਆਂ ਨੀਤੀਆਂ ਬਾਰੇ ਵੀ ਜਾਣੂ ਕਰਵਾਇਆ।
ਕਿਸਾਨਾਂ ਨਾਲ ਗੱਲਬਾਤ ਤੋਂ ਬਾਅਦ ਸ਼ਿਵ ਰਾਜ ਚੌਹਾਨ ਸਿੱਧੇ ਖੇਤਾਂ ਵਿਚ ਪਹੁੰਚ ਗਏ ਅਤੇ ਖੁਦ ਟਰੈਕਟਰ ਚਲਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ। ਝੋਨੇ ਦੀ ਸਿੱਧੀ ਖੇਤੀ 'ਤੇ ਜ਼ੋਰ ਦਿੰਦੇ ਹੋਏ ਚੌਹਾਨ ਨੇ ਕਿਹਾ ਕਿ ਕਿਸਾਨ ਅਜਿਹਾ ਕਰਕੇ ਕਾਫੀ ਪਾਣੀ ਬਚਾਅ ਸਕਦੇ ਹਨ। ਵਰਲਡ ਇਨਵਾਇਰਮੈਂਟ ਡੇਅ ਮੌਕੇ ਉਨ੍ਹਾਂ ਨੇ ਪਟਿਆਲਾ ਵਿਚ ਪੌਦਾ ਵੀ ਲਗਾਇਆ। ਇਸ ਮੌਕੇ ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਦੀ ਧਰਤੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਇਥੋਂ ਦੀ ਉਪਜਾਊ ਮਿੱਟੀ ਅਤੇ ਮਿਹਨਤੀ ਕਿਸਾਨ ਦੇਸ਼ ਦਾ ਅੰਨ ਭੰਡਾਰ ਭਰਨ ਵਿਚ ਅਹਿਮ ਰੋਲ ਨਿਭਾਅ ਰਹੇ ਹਨ। ਇਥੋਂ ਦੇ ਕਿਸਾਨ ਝੋਨੇ ਦੀ ਸਿੱਧੀ ਖੇਤੀ ਸਫਲਤਾਪੂਰਵਕ ਕਰ ਰਹੇ ਹਨ। ਇਸ ਨਾਲ ਪਾਣੀ ਦੀ ਬਚਤ ਹੁੰਦੀ ਹੈ ਅਤੇ ਲਾਗਤ ਵੀ ਘੱਟ ਆਉਂਦੀ ਹੈ। ਇਸ ਤਰ੍ਹਾਂ ਇਨੋਵੇਸ਼ਨ ਨੂੰ ਕੇਂਦਰ ਸਰਕਾਰ ਕਾਫੀ ਸੂਬਿਆਂ ਤਕ ਪਹੁੰਚਾਏਗੀ।
ਰਾਜਪੁਰਾ ਤੋਂ ਬਾਅਦ ਕੇਂਦਰੀ ਮੰਤਰੀ ਪਟਿਆਲਾ ਦੇ ਰੌਨੀ ਪਿੰਡ ਪਹੁੰਚੇ। ਇਥੇ ਵਿਸਤ੍ਰਿਤ ਖੇਤੀ ਸੰਕਲਪ ਮੁਹਿੰਮ ਦੇ ਤਹਿਤ ਰੱਖੇ ਗਏ ਪ੍ਰੋਗਰਾਮ ਵਿਚ ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਨਾਲ ਜੁੜੀ ਉਪਗ੍ਰੇਡ ਟੈਕਨਾਲੌਜੀ ਨਾਲ ਜੋੜਨ ਅਤੇ ਇਨਕਮ ਦੁੱਗਣੀ ਕਰਨ ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ ਭਾਸ਼ਣਬਾਜ਼ੀ ਨਾਲ ਕੰਮ ਨਹੀਂ ਚੱਲੇਗਾ। ਸਹੀ ਅਰਥਾਂ ਵਿਚ ਜਦੋਂ ਅਸੀਂ ਕਿਸਾਨਾਂ ਵਿਚਾਲੇ ਜਾ ਕੇ ਖੇਤੀ ਦੀਆਂ ਮੂਲ ਚੀਜ਼ਾਂ ਨਹੀਂ ਸਮਝਾਂਗੇ, ਕੰਮ ਨਹੀਂ ਹੋਵੇਗਾ। ਇਸੇ ਮਕਸਦ ਨਾਲ ਕਿਸਾਨਾਂ ਅਤੇ ਉਨ੍ਹਾਂ ਦੀ ਜ਼ਮੀਨ ਨੂੰ ਲੈਬ ਅਤੇ ਵਿਗਿਆਨ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।



