ਅਮਰੀਕਾ ਨੇ ਕੋਰੋਨਾ ਵੈਕਸੀਨ ਦੀ ਵਰਤੋਂ ਨੂੰ ਦਿੱਤੀ ਮਨਜ਼ੂਰੀ

by vikramsehajpal

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਇੱਕ ਮਾਹਰ ਕਮੇਟੀ ਨੇ ਵੀਰਵਾਰ ਨੂੰ ਕੋਵਿਡ-19 ਵਿਰੁੱਧ ਫਾਈਜ਼ਰ-ਬਾਇਓਨਟੈਕ ਵੈਕਸੀਨ ਦੀ ਆਪਾਤਕਾਲ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਤੋਂ ਬਾਅਦ ਅਗਲੇ ਦਿਨ ਸ਼ੁੱਕਰਵਾਰ ਨੂੰ ਐਫਡੀਏ ਨੇ ਵੀ ਇਸ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ। ਇਸ ਨਾਲ ਦੇਸ਼ ਭਰ 'ਚ ਫਾਈਜ਼ਰ ਦੀ ਵੈਕਸੀਨ ਦਿੱਤੇ ਜਾਣ ਦਾ ਰਾਹ ਸਾਫ਼ ਹੋ ਗਿਆ ਹੈ।

ਐਫਡੀਏ ਦੇ ਮੁੱਖ ਵਿਗਿਆਨਕ ਡੇਨਿਸ ਹਿੰਟਨ ਨੇ ਫਾਈਜ਼ਰ ਦੇ ਕਾਰਜਕਾਰੀ ਨੂੰ ਚਿੱਠੀ ਲਿਖ ਦੱਸਿਆ ਕਿ " ਮੈਂ ਕੋਵਿਡ-19 ਤੇ ਕਾਬੂ ਪਾਉਣ ਲਈ ਫਾਈਜ਼ਰ ਵੈਕਸੀਨ ਦੇ ਆਪਾਤਕਾਲ ਵਰਤੋਂ ਨੂੰ ਮਨਜ਼ੂਰੀ ਦੇ ਰਿਹਾ ਹਾਂ।" ਇਸ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਿਹਾ ਕਿ ਹੁਣ 24 ਘੰਟੇ ਅੰਦਰ ਦੇਸ਼ 'ਚ ਪਹਿਲਾ ਟੀਕਾ ਲਾਇਆ ਜਾਵੇਗਾ। ਰਾਸ਼ਰਪਤੀ ਟਰੰਪ ਨੇ ਟਵੀਟਰ 'ਤੇ ਜਾਰੀ ਇੱਕ ਟੈਲੀਵਿਜ਼ਨ ਸੰਬੋਧਨ 'ਚ ਕਿਹਾ, " ਪਹਿਲੀ ਵੈਕਸੀਨ 24 ਘੰਟੇ ਤੋਂ ਵੀ ਘੱਟ ਸਮੇਂ 'ਚ ਦਿੱਤੀ ਜਾਵੇਗੀ।"

ਟਰੰਪ ਨੇ ਕਿਹਾ "ਫੇਡਏਕਸ ਅਤੇ ਯੂਪੀਐਸ ਦੇ ਨਾਲ ਸਾਂਝੇਦਾਰੀ ਰਾਹੀਂ ਅਸੀਂ ਪਹਿਲਾਂ ਹੀ ਦੇਸ਼ ਦੇ ਹਰ ਸੂਬੇ ਅਤੇ ਜ਼ਿੱਪ ਕੋਡ ਨੂੰ ਵੈਕਸੀਨ ਭੇਜਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ, "ਗਵਰਨਰ ਤੈਅ ਕਰੇਗਾ ਕਿ ਉਨ੍ਹਾਂ ਦੇ ਰਾਜ 'ਚ ਸਭ ਤੋਂ ਪਹਿਲਾਂ ਟੀਕਾ ਕਿਸ ਨੂੰ ਲਾਇਆ ਜਾਵੇਗਾ।"