ਅਮਰੀਕਾ :ਮਸਾਜ ਪਾਰਲਰਾਂ ‘ਚ ਅੰਨ੍ਹੇਵਾਹ ਗੋਲ਼ੀਬਾਰੀ 4 ਔਰਤਾਂ ਸਣੇ 8 ਦੀ ਮੌਤ

by vikramsehajpal

ਵਾਸ਼ਿੰਗਟਨ,(ਦੇਵ ਇੰਦਰਜੀਤ) :ਅਟਲਾਂਟਾ 'ਚ ਤਿੰਨ ਅਲੱਗ-ਅਲੱਗ ਮਸਾਜ ਪਾਰਲਰਾਂ 'ਚ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਹੈ। ਇਸ ਦੌਰਾਨ 8 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਲੋਕਾਂ 'ਚ 4 ਏਸ਼ਿਆਈ ਮੂਲ ਦੀਆਂ ਔਰਤਾਂ ਹਨ। ਜਾਰਜੀਆ ਸੂਬੇ ਦੇ ਸ਼ਹਿਰ ਅਟਲਾਂਟਾ 'ਚ ਜਿਹੜੇ ਮਸਾਜ ਪਾਰਲਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ਵਿਚੋਂ ਦੋ ਇਕ-ਦੂਸਰੇ ਦੇ ਸਾਹਮਣੇ ਦੱਸੇ ਜਾ ਰਹੇ ਹਨ। ਪੁਲਿਸ ਜਾਂਚ ਵਿਚ ਜੁਟੀ ਹੈ। ਸਥਾਨਕ ਪੁਲਿਸ ਤੇ ਅਮਰੀਕੀ ਮੀਡੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ। ਖ਼ਬਰਾਂ ਅਨੁਸਾਰ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਹਰ ਇਲਾਕੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤਕ ਹਮਲੇ ਦਾ ਕਾਰਨ ਨਹੀਂ ਪਤਾ ਚੱਲਿਆ ਹੈ।

ਪੁਲਿਸ ਮੁਤਾਬਿਕ ਜਦੋਂ ਉਹ ਮੌਕੇ 'ਤੇ ਪੁੱਜੀ ਤਾਂ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਅਟਲਾਟਾਂ ਦੇ ਪੁਲਿਸ ਮੁਖੀ ਦਾ ਕਹਿਣਾ ਹੈ ਕਿ ਪੁਲਿਸ ਟੀਮ ਜਦੋਂ ਗੋਲਡ ਮਸਾਜ ਸਪਾ ਵਿਚ ਸੀ, ਉਦੋਂ ਇਕ ਹੋਰ ਕਾਲ ਆਈ। ਜਿਸ ਰਾਹੀਂ ਖ਼ਬਰ ਦਿੱਤੀ ਗਈ ਕਿ ਅਰੋਮਾ ਥੈਰੇਪੀ ਸਪਾ 'ਚ ਗੋਲ਼ੀ ਚੱਲੀ ਹੈ ਤੇ ਇਸ ਹਾਦਸੇ 'ਚ ਇਕ ਸ਼ਖ਼ਸ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਚੇਰੋਕੀ ਕਾਊਂਟੀ ਮਸਾਜ ਪਾਰਲਰ 'ਚ ਹੋਈ ਗੋਲੀਬਾਰੀ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ।