ਨੋਇਡਾ (ਰਾਘਵ): ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸੈਕਟਰ 39 ਥਾਣਾ ਖੇਤਰ 'ਚ ਵੀਰਵਾਰ ਸ਼ਾਮ ਪੁਲਸ ਨੇ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ 8 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਖੁਫੀਆ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਸਲਾਰਪੁਰ ਪਿੰਡ ਨੇੜੇ ਤੋਂ ਅੱਠ ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨਾਗਰਿਕਾਂ ਦੇ ਨਾਂ ਮੁਹੰਮਦ ਫਖਰੂਦੀਨ ਉਰਫ ਰੋਨੀ (20), ਰਿਹਾਨ (22), ਮੁਹੰਮਦ ਮੋਮਿਨ (23), ਮੁਹੰਮਦ ਕਮਰੂਲ (18), ਮੁਹੰਮਦ ਕੌਮ ਉਰਫ ਰਿਪਨ (24), ਰਵੀਉਲ ਇਸਲਾਮ (24), ਰਸੀਲ (19) ਅਤੇ ਸੋਹੇਲ ਰਾਣਾ (20) ਹਨ ਜੋ ਬੰਗਲਾਦੇਸ਼ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਨ੍ਹਾਂ ਕੋਲੋਂ ਛੇ ਜਾਅਲੀ ਆਧਾਰ ਕਾਰਡ ਅਤੇ ਇੱਕ ਜਾਅਲੀ ਪੈਨ ਕਾਰਡ ਬਰਾਮਦ ਕੀਤਾ ਹੈ।
ਬੁਲਾਰੇ ਨੇ ਦੱਸਿਆ ਕਿ ਦੋਸ਼ੀ ਪਿੰਡ ਸਲਾਰਪੁਰ ਵਿਖੇ ਗੈਰਕਾਨੂੰਨੀ ਢੰਗ ਨਾਲ ਲੁਕੇ ਹੋਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 336(3), 340(2) ਅਤੇ 14ਏ ਵਿਦੇਸ਼ੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਇਹ ਲੋਕ 10 ਦਿਨ ਪਹਿਲਾਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ 'ਚ ਦਾਖਲ ਹੋਏ ਸਨ ਅਤੇ ਪੱਛਮੀ ਬੰਗਾਲ ਦੇ ਰਸਤੇ ਨੋਇਡਾ ਪਹੁੰਚੇ ਸਨ। ਬੁਲਾਰੇ ਅਨੁਸਾਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।



