
ਫਿਰੋਜ਼ਾਬਾਦ (ਰਾਘਵ) : ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲੇ ਦੇ ਨਗਲਾ ਖਾਂਗਰ ਥਾਣਾ ਖੇਤਰ 'ਚ ਸ਼ਨੀਵਾਰ ਤੜਕੇ ਇਕ ਨਿੱਜੀ ਬੱਸ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਕਿਲੋਮੀਟਰ ਨੰਬਰ 63 ਨੇੜੇ ਵਾਪਰਿਆ।ਪੁਲਿਸ ਨੇ ਇਸ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਹ ਹਾਦਸਾ ਬੱਸ ਦੇ ਡਰਾਈਵਰ ਦੇ ਸੌਂ ਜਾਣ ਕਾਰਨ ਵਾਪਰਿਆ ਹੈ।
ਸਿਰਸਾਗੰਜ ਪੁਲਿਸ ਖੇਤਰ ਅਧਿਕਾਰੀ (ਸੀਓ) ਅਨੀਵੇਸ਼ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਦਿੱਲੀ ਤੋਂ ਜਾਲੌਨ ਜਾ ਰਹੀ ਇੱਕ ਨਿੱਜੀ ਬੱਸ ਅੱਗੇ ਜਾ ਰਹੇ ਟਾਇਲਾਂ ਨਾਲ ਭਰੇ ਟਰੱਕ ਨਾਲ ਟਕਰਾ ਗਈ। ਜ਼ੋਰਦਾਰ ਟੱਕਰ ਕਾਰਨ ਬੱਸ 'ਚ ਸਵਾਰ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਵਿਜੇਂਦਰ ਪੱਪੂ ਵਜੋਂ ਹੋਈ ਹੈ ਜਦਕਿ ਬਾਕੀ ਦੋ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਹਾਦਸੇ ਵਿੱਚ ਜ਼ਖ਼ਮੀ ਹੋਏ ਹੋਰ ਯਾਤਰੀਆਂ ਨੂੰ ਉੱਤਰ ਪ੍ਰਦੇਸ਼ ਐਕਸਪ੍ਰੈਸਵੇਅਜ਼ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ (ਯੂਪੀਡੀਏ) ਦੀ ਐਂਬੂਲੈਂਸ ਰਾਹੀਂ ਤੁਰੰਤ ਸੈਫ਼ਈ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਬੱਸ ਡਰਾਈਵਰ ਨੂੰ ਨੀਂਦ ਆ ਗਈ ਸੀ, ਜਿਸ ਕਾਰਨ ਉਹ ਬੇਕਾਬੂ ਹੋ ਗਿਆ ਅਤੇ ਟਰੱਕ ਨਾਲ ਟਕਰਾ ਗਿਆ। ਪੁਲਿਸ ਨੇ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਨੂੰ ਵੀ ਸਕੈਨ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਹਾਦਸੇ ਦੇ ਪਿੱਛੇ ਦੇ ਪੂਰੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।