ਕੋਲਕਾਤਾ (ਪਾਇਲ): ਫੁੱਟਬਾਲ ਸੁਪਰਸਟਾਰ ਲਿਓਨਲ ਮੇਸੀ ਦੇ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ 'ਚ ਸੰਖੇਪ ਦੌਰੇ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਇਸ ਘਟਨਾ ਦੀ ਜਾਂਚ ਲਈ ਸੇਵਾਮੁਕਤ ਜੱਜ ਦੀ ਪ੍ਰਧਾਨਗੀ ਹੇਠ ਕਮੇਟੀ ਬਣਾਈ ਹੈ।
ਮਮਤਾ ਬੈਨਰਜੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਲਿਖਿਆ, 'ਮੈਂ ਅੱਜ ਸਾਲਟ ਲੇਕ ਸਟੇਡੀਅਮ 'ਚ ਪ੍ਰਸ਼ਾਸਨ ਦੀ ਕੁਤਾਹੀ ਤੋਂ ਬੇਹੱਦ ਪ੍ਰੇਸ਼ਾਨ ਅਤੇ ਸਦਮੇ 'ਚ ਹਾਂ। ਮੈਂ ਲਿਓਨਲ ਮੇਸੀ ਅਤੇ ਉਸਦੇ ਪ੍ਰਸ਼ੰਸਕਾਂ ਤੋਂ ਆਪਣੀ ਡੂੰਘੀ ਮਾਫੀ ਮੰਗਦੀ ਹਾਂ। ਉਨ੍ਹਾਂ ਕਿਹਾ ਕਿ ਕਮੇਟੀ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰੇਗੀ, ਜ਼ਿੰਮੇਵਾਰੀ ਤੈਅ ਕਰੇਗੀ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਝਾਅ ਵੀ ਦੇਵੇਗੀ।
ਘਟਨਾ ਦੌਰਾਨ ਹਫੜਾ-ਦਫੜੀ ਮੱਚ ਗਈ ਜਦੋਂ ਦਰਸ਼ਕਾਂ ਨੇ ਕੁਰਸੀਆਂ ਉਖਾੜ ਦਿੱਤੀਆਂ, ਬੋਤਲਾਂ ਸੁੱਟੀਆਂ ਅਤੇ ਪੋਸਟਰ ਅਤੇ ਬੈਨਰ ਪਾੜ ਦਿੱਤੇ। ਕੁਝ ਪ੍ਰਸ਼ੰਸਕਾਂ ਨੇ VIP ਖੇਤਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਪੁਲਿਸ ਨੂੰ ਲਾਠੀਚਾਰਜ ਅਤੇ ਰੈਪਿਡ ਐਕਸ਼ਨ ਫੋਰਸ (ਆਰ.ਏ.ਐਫ.) ਬੁਲਾਉਣੀ ਪਈ। ਮੇਸੀ ਨੇ ਸੁਰੱਖਿਆ ਕਾਰਨਾਂ ਕਰਕੇ ਸਟੇਡੀਅਮ ਛੱਡ ਦਿੱਤਾ ਅਤੇ ਉਸ ਦੀ ਪੇਸ਼ਕਾਰੀ ਸਿਰਫ਼ 20 ਮਿੰਟ ਹੀ ਚੱਲ ਸਕੀ। ਪ੍ਰਸ਼ੰਸਕਾਂ ਦਾ ਗੁੱਸਾ ਇਸ ਕਾਰਨ ਵਧ ਗਿਆ ਕਿ ਉਹ ਮੇਸੀ ਨੂੰ ਠੀਕ ਤਰ੍ਹਾਂ ਨਾਲ ਨਹੀਂ ਦੇਖ ਸਕੇ।
ਇਸ ਘਟਨਾ 'ਤੇ ਸਿਆਸੀ ਪ੍ਰਤੀਕਰਮ ਵੀ ਤੇਜ਼ ਹੋ ਗਏ ਹਨ। ਭਾਜਪਾ ਸੰਸਦ ਮੈਂਬਰ ਸੁਕਾਂਤਾ ਮਜੂਮਦਾਰ ਨੇ ਕਿਹਾ ਕਿ ਮਮਤਾ ਬੈਨਰਜੀ ਦੀ ਪ੍ਰਸ਼ਾਸਨਿਕ ਨਾਕਾਮੀ ਕਾਰਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਵਿਗੜ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਕੁਨਾਲ ਘੋਸ਼ ਨੇ ਕਿਹਾ ਕਿ ਦਰਸ਼ਕਾਂ ਦਾ ਗੁੱਸਾ ਜਾਇਜ਼ ਹੈ ਅਤੇ ਪ੍ਰਬੰਧਕਾਂ ਦੀ ਅਯੋਗਤਾ ਨੇ ਕੋਲਕਾਤਾ ਦੀ ਭਰੋਸੇਯੋਗਤਾ ਨੂੰ ਪ੍ਰਭਾਵਿਤ ਕੀਤਾ ਹੈ।
ਲਿਓਨਲ ਮੇਸੀ ਇਸ ਸਮੇਂ ਆਪਣੇ ਤਿੰਨ ਦਿਨਾਂ 'ਗੋਟ ਟੂਰ' ਦੇ ਹਿੱਸੇ ਵਜੋਂ ਭਾਰਤ ਦੇ ਦੌਰੇ 'ਤੇ ਹਨ। ਉਹ 13 ਤੋਂ 15 ਦਸੰਬਰ ਦਰਮਿਆਨ ਕੋਲਕਾਤਾ, ਹੈਦਰਾਬਾਦ, ਮੁੰਬਈ ਅਤੇ ਦਿੱਲੀ ਦਾ ਦੌਰਾ ਕਰਨਗੇ।



