ਅਫ਼ਗਾਨਿਸਤਾਨ ‘ਚ ਅਮਰੀਕੀ ਫ਼ੌਜ ਦਾ ਹਵਾਈ ਹਮਲਾ ਮਾਰੇ ਗਏ 90 ਅੱਤਵਾਦੀ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਲਗਾਤਾਰ ਵਾਰਤਾ ਅਤੇ ਸੁਲਾਹ ਦੇ ਯਤਨਾਂ ਪਿੱਛੋਂ ਵੀ ਅਫ਼ਗਾਨਿਸਤਾਨ ਵਿਚ ਹਿੰਸਾ ਘੱਟ ਨਾ ਹੋਣ 'ਤੇ ਅਮਰੀਕਾ ਨੇ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿਚ 90 ਤਾਲਿਬਾਨੀ ਅੱਤਵਾਦੀ ਮਾਰੇ ਗਏ। ਅਮਰੀਕੀ ਫ਼ੌਜ ਨੇ ਇਨ੍ਹਾਂ ਹਵਾਈ ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਅਮਰੀਕਾ-ਤਾਲਿਬਾਨ ਸਮਝੌਤੇ ਪਿੱਛੋਂ ਇਹ ਪਹਿਲੀ ਵੱਡੀ ਕਾਰਵਾਈ ਹੈ। ਕੰਧਾਰ ਸੂਬੇ ਦੇ ਝਾਰੀ ਜ਼ਿਲ੍ਹੇ ਵਿਚ ਅਫ਼ਗਾਨ ਫ਼ੌਜ ਦੀ ਇਕ ਜਾਂਚ ਚੌਕੀ 'ਤੇ ਤਾਲਿਬਾਨੀ ਅੱਤਵਾਦੀਆਂ ਨੇ ਵੱਡਾ ਹਮਲਾ ਕੀਤਾ ਸੀ। ਇਸ ਹਮਲੇ ਨੂੰ ਨਾਕਾਮ ਕਰਨ ਲਈ ਹੀ ਅਮਰੀਕਾ ਨੇ ਹਵਾਈ ਹਮਲੇ ਕੀਤੇ।

ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਪ੍ਰਰੈੱਸ ਵਾਰਤਾ ਕਰ ਕੇ ਦੱਸਿਆ ਕਿ ਹਮਲੇ ਵਿਚ 90 ਤਾਲਿਬਾਨੀ ਅੱਤਵਾਦੀ ਢੇਰ ਕਰ ਦਿੱਤੇ ਗਏ ਹਨ। ਤਾਲਿਬਾਨ ਨੇ ਕੰਧਾਰ ਦੇ ਪੰਜਵਾਨ, ਝਾਰੀ, ਅਰਘਰਦਾਵ ਅਤੇ ਮੇਵਾਂਡ ਜ਼ਿਲਿ੍ਹਆਂ ਵਿਚ ਹਮਲਾ ਕੀਤਾ ਸੀ। ਇਸ ਹਮਲੇ ਪਿੱਚੋਂ 15 ਬਾਰੂਦੀ ਸੁਰੰਗਾਂ ਨਕਾਰਾ ਕੀਤੀਆਂ ਗਈਆਂ ਹਨ। ਉਧਰ, ਅਮਰੀਕੀ ਫ਼ੌਜ ਦੇ ਬੁਲਾਰੇ ਕਰਨਲ ਸੋਨੀ ਨੇ ਟਵਿੱਟਰ 'ਤੇ ਹਵਾਈ ਹਮਲਾ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨੇ ਝਾਰੀ ਜ਼ਿਲ੍ਹੇ ਵਿਚ ਅਫ਼ਗਾਨ ਫ਼ੌਜ ਦੀ ਚੌਕੀ 'ਤੇ ਹਮਲਾ ਕੀਤਾ ਸੀ, ਉਸ ਪਿੱਛੋਂ ਹਵਾਈ ਹਮਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਹਮਲੇ ਅਮਰੀਕਾ-ਅਫ਼ਗਾਨ ਸਮਝੌਤੇ ਤਹਿਤ ਹੀ ਕੀਤੇ ਗਏ ਹਨ। ਫ਼ੌਜ ਦੇ ਬੁਲਾਰੇ ਨੇ ਤਾਲਿਬਾਨ ਦੇ ਉਸ ਦਾਅਵੇ ਦਾ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਹਵਾਈ ਹਮਲੇ ਨਾਗਰਿਕ ਖੇਤਰ ਵਿਚ ਕੀਤੇ ਗਏ। ਦੱਸ ਦਈਏ ਕਿ ਤਾਲਿਬਾਨ ਦੇ ਬੁਲਾਰੇ ਨੇ 90 ਤਾਲਿਬਾਨ ਅੱਤਵਾਦੀਆਂ ਦੇ ਮਾਰੇ ਜਾਣ ਦਾ ਖੰਡਨ ਕੀਤਾ ਹੈ। ਦੋਸ਼ ਲਗਾਇਆ ਗਿਆ ਹੈ ਕਿ ਇਹ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ।