US ਨੇ ਚੀਨ ਦੀ ਚਿਪ ਨਿਰਮਾਤਾ ਕੰਪਨੀ ਪਾਈ ਕਾਲੀ ਸੂਚੀ ‘ਚ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਅਮਰੀਕਾ ਵੱਲੋਂ ਕੀਤੀ ਗਈ ਇਸ ਕਾਰਵਾਈ ਪਿੱਛੋਂ ਕਾਲੀ ਸੂਚੀ ਵਿਚ ਆਉਣ ਵਾਲੀਆਂ ਚੀਨੀ ਕੰਪਨੀਆਂ ਦੀ ਕੁੱਲ ਗਿਣਤੀ 35 ਹੋ ਗਈ ਹੈ। ਤੁਹਾਨੂੰ ਦੱਸ ਦਈਏ ਕੀ ਅਮਰੀਕਾ ਨੇ ਚੀਨ ਦੀ ਸਭ ਤੋਂ ਵੱਡੀ ਚਿਪ ਨਿਰਮਾਤਾ ਕੰਪਨੀ ਨੂੰ ਕਾਲੀ ਸੂਚੀ ਵਿਚ ਪਾ ਦਿੱਤਾ ਹੈ। ਚੀਨ ਸਰਕਾਰ ਦੀ ਮਾਲਕੀ ਵਾਲੀ ਇਕ ਤੇਲ ਕੰਪਨੀ 'ਤੇ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ।

ਵਾਸ਼ਿੰਗਟਨ ਵੱਲੋਂ ਚੁੱਕੇ ਗਏ ਕਦਮ ਪਿੱਛੋਂ ਇਨ੍ਹਾਂ ਕੰਪਨੀਆਂ ਦੀ ਅਮਰੀਕੀ ਨਿਵੇਸ਼ ਅਤੇ ਤਕਨਾਲੋਜੀ ਤਕ ਪਹੁੰਚ ਸੀਮਿਤ ਹੋ ਜਾਵੇਗੀ। ਰਾਜਨੀਤਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ 20 ਜਨਵਰੀ ਨੂੰ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਸੱਤਾ ਸੰਭਾਲਣ ਤੋਂ ਪਹਿਲੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਬੀਜਿੰਗ ਖ਼ਿਲਾਫ਼ ਕੁਝ ਹੋਰ ਸਖ਼ਤ ਕਦਮ ਚੁੱਕ ਸਕਦੇ ਹਨ।

ਅਮਰੀਕਾ ਦੇ ਰੱਖਿਆ ਹੈੱਡਕੁਆਰਟਰ ਪੈਂਟਾਗਨ ਨੇ ਜਿਨ੍ਹਾਂ ਚਾਰ ਕੰਪਨੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ ਉਨ੍ਹਾਂ ਵਿਚ ਸੈਮੀ-ਕੰਡਕਟਰ ਮੈਨੂਫੈਕਚਰਿੰਗ ਇੰਟਰਨੈਸ਼ਨਲ ਕਾਰਪ ਅਤੇ ਚਾਈਨਾ ਨੈਸ਼ਨਲ ਆਫਸ਼ੋਰ ਆਇਲ ਕਾਰਪ (ਸੀਐੱਨਓਓਸੀ) ਮੁੱਖ ਹਨ। ਇਨ੍ਹਾਂ ਸਾਰੀਆਂ ਕੰਪਨੀਆਂ 'ਤੇ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਫ਼ੌਜੀ ਸ਼ਾਖਾ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਜੁੜੇ ਹੋਣ ਦਾ ਦੋਸ਼ ਹੈ।