ਅਮਰੀਕਾ : ਲੋੜ ਪੈਣ ‘ਤੇ ਅਫਗਾਨਿਸਤਾਨ ‘ਚ ਕਰਦੇ ਰਹਾਂਗੇ ‘ਡਰੋਨ ਹਮਲੇ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ) : ਅਮਰੀਕੀ ਫੌ਼ਜੀ ਅਫਗਾਨਿਸਤਾਨ ਤੋਂ ਪਰਤ ਚੁੱਕੇ ਹਨ। ਇਸ ਦੇ ਬਾਵਜੂਦ ਅਮਰੀਕਾ ਨੇ ਤਾਲਿਬਾਨ ਨੂੰ ਦੋ ਟੂਕ ਕਹਿ ਦਿੱਤਾ ਹੈ ਕਿ ਲੋੜ ਪੈਣ 'ਤੇ ਉਹ ਅਫਗਾਨਿਸਤਾਨ ਵਿਚ ਡਰੋਨ ਹਮਲੇ ਕਰਦਾ ਰਹੇਗਾ। ਪੇਂਟਾਗਨ ਦੇ ਪ੍ਰੈੱਸ ਸਕੱਤਰ ਜਾਨ ਕਿਰਬੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਵੇਂ ਅਫਗਾਨਿਸਤਾਨ ਵਿਚ ਉਹਨਾਂ ਦੀ ਮਿਲਟਰੀ ਮੌਜੂਦਗੀ ਖ਼ਤਮ ਹੋ ਗਈ ਹੈ ਪਰ ਪੇਂਟਾਗਨ ਇਸਲਾਮਿਕ ਸਟੇਟ-ਖੁਰਾਸਾਨ ਸੂਬੇ ISIS-K ਅਤੇ ਅਫਗਾਨਿਸਤਾਨ ਅੰਦਰ ਹੋਰ ਦੁਸ਼ਮਣਾਂ ਖ਼ਿਲਾਫ਼ ਲੋੜ ਪੈਣ 'ਤੇ ਡਰੋਨ ਹਮਲੇ ਕਰਨਾ ਜਾਰੀ ਰੱਖੇਗਾ।

ਅਮਰੀਕਾ ਨੇ ਹਾਲ ਹੀ ਵਿਚ ਕਾਬੁਲ ਹਵਾਈ ਅੱਡੇ ਨੇੜੇ ਹੋਏ ਆਤਮਘਾਤੀ ਹਮਲੇ ਦੇ ਬਾਅਦ ਆਈ.ਐੱਸ. ਦੇ ਯੋਜਨਾਕਰਤਾ ਦੇ ਨਾਲ-ਨਾਲ ਰਿਹਾਇਸ਼ੀ ਇਲਾਕੇ ਵਿਚ ਮੌਜੂਦ ਇਕ ਸ਼ੱਕੀ ਕਾਰ 'ਤੇ ਡਰੋਨ ਨਾਲ ਹਮਲਾ ਕੀਤਾ ਸੀ। ਇਸ ਆਤਮਘਾਤੀ ਹਮਲੇ ਵਿਚ 13 ਅਮਰੀਕੀ ਸੈਨਿਕਾਂ ਸਮੇਤ 170 ਅਫਗਾਨ ਨਾਗਰਿਕਾਂ ਦੀ ਮੌਤ ਹੋਈ ਸੀ। ਇਸਲਾਮਿਕ ਸਟੇਟ-ਖੁਰਾਸਾਨ ਸੂਬੇ ISIS-K ਨੇ ਇਹਨਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਫਾਕਸ ਨਿਊਜ਼ ਨੇ ਦੱਸਿਆ ਕਿ ਕਿਰਬੀ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਭਵਿੱਖ ਵਿਚ ਖਤਰਾ ਪੈਦਾ ਹੁੰਦਾ ਹੈ ਤਾਂ ਪੇਂਟਾਗਨ ਡਰੋਨ ਹਮਲਿਆਂ ਦੀ ਵਰਤੋਂ ਕਰੇਗਾ।

ਫਾਕਸ ਨਿਊਜ਼ ਨੇ ਐੱਨ.ਪੀ.ਆਰ. ਦੇ ਨਾਲ ਕਿਰਬੀ ਦੇ ਇਕ ਇੰਟਰਵਿਊ ਦੇ ਹਵਾਲੇ ਨਾਲ ਕਿਹਾ ਕਿ ਸਾਡੇ ਕੋਲ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਅਤੇ ਬਚਾਅ ਯਕੀਨੀ ਕਰਨ ਦੀ ਪੂਰੀ ਸਮਰੱਥਾ ਹੈ। ਕਿਰਬੀ ਨੇ ਕਿਹਾ ਕਿ ਭਵਿੱਖ ਦੇ ਸੰਚਾਲਨ ਦੇ ਬਾਰੇ ਵਿਚ ਅਨੁਮਾਨ ਲਗਾਏ ਬਿਨਾਂ, ਅਸੀਂ ਉਹਨਾਂ ਸਮਰੱਥਾਵਾਂ ਨੂੰ ਬਣਾਈ ਰੱਖਣਾ ਜਾਰੀ ਰੱਖਾਂਗੇ ਅਤੇ ਲੋੜ ਪੈਣ 'ਤੇ ਉਹਨਾਂ ਦੀ ਵਰਤੋਂ ਕਰਾਂਗੇ।ਸੰਯੁਕਤ ਰਾਜ ਅਮਰੀਕਾ ਦੀ ਸੈਨਾ ਨੇ ਸਭ ਤੋਂ ਲੰਬੀ ਮਿਲਟਰੀ ਮੁਹਿੰਮ ਦੇ ਬਾਅਦ ਮੰਗਲਵਾਰ ਸਵੇਰੇ ਅਫਗਾਨਿਸਤਾਨ ਛੱਡ ਦਿੱਤਾ।

ਅਫਗਾਨਿਸਤਾਨ ਵਿਚ ਅਮਰੀਕਾ ਦੇ 20 ਸਾਲ ਦੇ ਯੁੱਧ ਨੂੰ ਖ਼ਤਮ ਕਰਨ 'ਤੇ ਰਾਸ਼ਟਰ ਨੂੰ ਸੰਬੋਧਿਤ ਕਰਦਿਆਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਾਬੁਲ ਹਵਾਈ ਅੱਡੇ 'ਤੇ ਆਤਮਘਾਤੀ ਹਮਲਾ ਕਰਨ ਵਾਲੇ ਆਈ.ਐੱਸ.ਆਈ.ਐੱਸ.-ਕੇ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹਾਲੇ ਸਾਡਾ ਬਦਲਾ ਪੂਰਾ ਨਹੀਂ ਹੋਇਆ ਹੈ।

ਬਾਈਡੇਨ ਨੇ ਕਿਹਾ ਕਿ ਜਿਹੜੇ ਲੋਕ ਅਮਰੀਕਾ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਅਸੀਂ ਅਜਿਹੇ ਲੋਕਾਂ ਨੂੰ ਲੱਭ-ਲੱਭ ਕੇ ਮਾਰਾਂਗੇ ਅਤੇ ਉਹਨਾਂ ਨੂੰ ਇਸ ਦੀ ਕੀਮਤ ਚੁਕਾਉਣੀ ਹੋਵੇਗੀ। ਬਾਈਡੇਨ ਨੇ ਅਫਗਾਨਿਸਤਾਨ ਛੱਡਣ ਦੇ ਆਪਣੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਸੈਨਾ ਵਾਪਸ ਬੁਲਾਉਣਾ ਅਮਰੀਕਾ ਲਈ ਸਭ ਤੋਂ ਚੰਗਾ ਅਤੇ ਸਹੀ ਫ਼ੈਸਲਾ ਹੈ। ਉਹਨਾਂ ਨੇ ਕਿਹਾ ਕਿ ਅਜਿਹਾ ਯੁੱਧ ਲੜਨ ਦਾ ਕੋਈ ਕਾਰਨ ਨਹੀਂ ਹੈ ਜੋ ਅਮਰੀਕੀ ਲੋਕਾਂ ਦੇ ਹਿੱਤਾਂ ਵਿਚ ਨਾ ਹੋਵੇ। ਵ੍ਹਾਈਟ ਹਾਊਸ ਤੋਂ ਦੇਸ਼ ਨੂੰ ਕੀਤੇ ਸੰਬੋਧਨ ਵਿਚ ਬਾਈਡੇਨ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਇਹ ਅਮਰੀਕਾ ਲਈ ਸਭ ਤੋਂ ਚੰਗਾ ਫ਼ੈਸਲਾ ਹੈ।