ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕੀ ਚੋਣਾਂ 'ਚ ਇਸ ਵਾਰ ਵੋਟਿੰਗ ਦੌਰਾਨ ਬੀਤੇ 120 ਸਾਲਾਂ ਦਾ ਰਿਕਾਰਡ ਟੁੱਟ ਗਿਆ। ਅਮਰੀਕੀ ਚੋਣਾਂ 'ਚ ਆਮ ਤੌਰ 'ਤੇ 50 ਤੋਂ 60 % ਵੋਟਿੰਗ ਹੁੰਦੀ ਹੈ, ਪਰ ਇਸ ਵਾਰ ਵੋਟਰਾਂ ਨੇ ਇਤਿਹਾਸ ਰਚ ਦਿੱਤਾ। ਅਮਰੀਕੀ ਇਲੈਕਸ਼ਨ ਪ੍ਰੋਜੈਕਟ ਮੁਤਾਬਕ ਇਸ ਵਾਰ ਲਗਭਗ 66.9 % ਵੋਟਰਾਂ ਨੇ ਵੋਟ ਪਾਈ। 2020 ਤੋਂ ਪਹਿਲਾਂ 1900 'ਚ ਸਭ ਤੋਂ ਵੱਧ ਵੋਟਰ ਟਰਨਆਊਟ ਸੀ, ਜਦੋਂ 73.7 % ਲੋਕਾਂ ਨੇ ਵੋਟ ਪਾਈ ਸੀ।
ਯੂਨੀਵਰਸਿਟੀ ਆਫ਼ ਫਲੋਰਿਡਾ ਵੱਲੋਂ ਚਲਾਏ ਜਾ ਰਹੇ ਯੂਐਸ ਇਲੈਕਸ਼ਨ ਪ੍ਰੋਜੈਕਟ ਦੇ ਪ੍ਰੋਫੈਸਰ ਮਾਈਕਲ ਮੈਕਡੋਨਾਲਡ ਦਾ ਕਹਿਣਾ ਹੈ ਕਿ ਸਿੱਧੇ ਸ਼ਬਦਾਂ 'ਚ ਕਹੀਏ ਤਾਂ 1900 ਤੋਂ 2020 ਦੀ ਵੋਟਿੰਗ ਦੀ ਤੁਲਨਾ ਕਰਨਾ ਸਹੀ ਨਹੀਂ ਹੋਵੇਗਾ, ਕਿਉਂਕਿ ਉਸ ਦੌਰਾਨ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। 2020 ਵਿੱਚ ਵੋਟਿੰਗ ਵਧਣ ਦਾ ਕਾਰਨ ਨੌਜਵਾਨ ਅਤੇ ਮੇਲ-ਇਨ-ਵੋਟ ਹਨ। ਦੱਸ ਅੜੀਏ ਕਿ ਟਫਟਸ ਯੂਨੀਵਰਸਿਟੀ ਦੇ ਸੈਂਟਰ ਫਾਰ ਇਨਫਰਮੇਸ਼ਨ ਐਂਡ ਰਿਸਰਚ ਆਨ ਸਿਵਲ ਲਰਨਿੰਗ ਐਂਡ ਇੰਗੇਜਮੈਂਟ ਦੇ ਅਨੁਸਾਰ 18 ਤੋਂ 29 ਸਾਲ ਦੀ ਉਮਰ 'ਚ ਵੋਟਰਾਂ ਦੀ ਗਿਣਤੀ ਵੱਧ ਹੋਣ ਦਾ ਵੀ ਜ਼ਿਆਦਾ ਵੋਟਿੰਗ 'ਤੇ ਪ੍ਰਭਾਵ ਪਿਆ ਹੈ।
ਉਦਾਹਰਨ ਦੇ ਤੌਰ 'ਤੇ ਟੈਕਸਾਸ 'ਚ ਇਸ ਸਾਲ ਇਨਾਂ ਚੋਣਾਂ 'ਚ 13.1 % ਨੌਜਵਾਨ ਵੋਟਰ ਜੋ ਕਿ 18 ਤੋਂ 29 ਸਾਲ ਦੇ ਸਨ, ਜੋ ਕਿ ਪਿਛਲੇ ਵਾਰ ਹੋਈਆਂ ਚੋਣਾਂ 'ਚ ਸਿਰਫ਼ 6 % ਸਨ। ਮਿਸ਼ੀਗਨ 'ਚ ਇਨਾਂ ਚੋਣਾਂ 'ਚ 9.4 % ਨੌਜਵਾਨ ਵੋਟਰ ਸਨ, ਜਦਕਿ ਪਿਛਲੇ ਵਾਰ ਹੋਣੀਆਂ ਚੋਣਾਂ 'ਚ ਇਹ 2.5 % ਸਨ। ਅਮਰੀਕਾ 'ਚ ਇਸ ਵਾਰ 160 ਮਿਲੀਅਨ ਤੋਂ ਵੱਧ ਲੋਕਾਂ ਨੇ ਵੋਟ ਪਾਈ ਹੈ। ਵੋਟਿੰਗ ਪ੍ਰਤੀਸ਼ਤ ਲਗਭਗ 67 % ਰਹੀ ਹੈ, ਜੋ ਕਿ ਇੱਕ ਸਦੀ 'ਚ ਸਭ ਤੋਂ ਵੱਧ ਹੈ।



