ਅਮਰੀਕਾ ਨੇ ਮਿਆਂਮਾਰ ਦੇ ਫ਼ੌਜੀ ਆਗੂਆਂ ’ਤੇ ਲਗਾਈਆਂ ਪਾਬੰਦੀਆਂ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮਿਆਂਮਾਰ ’ਚ ਜਮਹੂਰੀ ਢੰਗ ਨਾਲ ਚੁਣੇ ਨੇਤਾਵਾਂ ਨੂੰ ਹਟਾ ਕੇ ਰਾਜ ਪਲਟਾ ਕਰਨ ’ਤੇ ਫ਼ੌਜੀ ਅਧਕਾਰੀਆਂ ਖ਼ਿਲਾਫ਼ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਮਿਆਂਮਾਰ ’ਚ ਫ਼ੌਜ ਵੱਲੋਂ ਪਹਿਲੀ ਫਰਵਰੀ ਨੂੰ ਕੀਤੇ ਰਾਜੇ ਪਲਟੇ ਖ਼ਿਲਾਫ਼ ਹਜ਼ਾਰਾਂ ਲੋਕ ਇਕੱਠ ’ਤੇ ਪਾਬੰਦੀ ਅਤੇ ਰਾਤ ਦੇ ਕਰਫਿਊ ਦੇ ਬਾਵਜੂਦ ਸੜਕਾਂ ’ਤੇ ਪ੍ਰਰਦਸ਼ਨ ਕਰ ਰਹੇ ਹਨ।

ਰਾਸ਼ਟਰਪਤੀ ਬਾਇਡਨ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਅੱਜ ਮੈਂ ਕਈ ਕਾਰਵਾਈਆਂ ਦਾ ਐਲਾਨ ਕਰਦਾ ਹਾਂ ਅਤੇ ਰਾਜ ਪਲਟਾ ਕਰਨ ਲਈ ਜ਼ਿੰਮੇਵਾਰ ਫ਼ੌਜੀ ਅਧਿਕਾਰੀਆਂ ਖ਼ਿਲਾਫ਼ ਪਾਬੰਦੀਆਂ ਲਾ ਕੇ ਇਸ ਦੀ ਸ਼ੁਰੂਆਤ ਕਰ ਰਿਹਾ ਹਾਂ। ਅਮਰੀਕਾ ਵੱਲੋਂ ਬਰਮਾ ਸਰਕਾਰ ਨੂੰ ਮਦਦ ਵਜੋਂ ਦਿੱਤੇ ਇਕ ਅਰਬ ਡਾਲਰ ਦੇ ਫੰਡ ਤਕ ਫ਼ੌਜੀ ਜਨਰਲਾਂ ਦੀ ਗਲਤ ਤਰੀਕੇ ਨਾਲ ਪਹੁੰਚ ਰੋਕਣ ਲਈ ਅਮਰੀਕਾ ਸਰਕਾਰ ਇਹ ਕਦਮ ਚੁੱਕ ਰਹੀ ਹੈ।’ ਮਿਆਂਮਾਰ ਦੀ ਹਾਲਤ ’ਤੇ ਆਪਣੇ ਪਹਿਲੇ ਜਨਤਕ ਭਾਸ਼ਣ ’ਚ ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਮਿਆਂਮਾਰ ਦੀ ਫ਼ੌਜ ਨੂੰ 8 ਨਵੰਬਰ ਨੂੰ ਹੋਈਆਂ ਚੋਣਾਂ ’ਚ ਜਨਤਾ ਵੱਲੋਂ ਜਮਹੂਰੀ ਨੇਤਾਵਾਂ ਦੇ ਹੱਕ ’ਚ ਦਿੱਤੇ ਫ਼ਤਵੇ ਦਾ ਸਨਮਾਨ ਕਰਨਾ ਚਾਹੀਦਾ ਹੈ। ਬਾਇਡਨ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਨਵੇਂ ਹੁਕਮ ਨੂੰ ਮਨਜ਼ੂਰੀ ਦਿੱਤੀ ਹੈ ਜੋ ਰਾਜ ਪਲਟੇ ਦਾ ਹੁਕਮ ਦੇਣ ਵਾਲੇ ਫ਼ੌਜੀ ਅਧਿਕਾਰੀਆਂ, ਉਨ੍ਹਾਂ ਦੇ ਕਾਰੋਬਾਰੀ ਹਿੱਤਾਂ ਅਤੇ ਉਨ੍ਹਾਂ ਦੇ ਨੇੜਲੇ ਪਰਿਵਾਰਕ ਮੈਂਬਰਾਂ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾਉਂਦਾ ਹੈ।

ਉਨ੍ਹਾਂ ਕਿਹਾ, ‘ਅਸੀਂ ਇਸ ਹਫ਼ਤੇ ਪਹਿਲੇ ਗੇੜ ਦੇ ਨਿਸ਼ਾਨਿਆਂ ਦੀ ਪਛਾਣ ਕਰਾਂਗੇ। ਅਸੀਂ ਬਰਾਮਦ ’ਤੇ ਵੀ ਸਖ਼ਤ ਪਾਬੰਦੀ ਲਾਉਣ ਜਾ ਰਹੇ ਹਾਂ। ਅਸੀਂ ਅਜਿਹੇ ਅਸਾਸੇ ਜ਼ਬਤ ਕਰਨ ਜਾ ਰਹੇ ਜੋ ਬਰਮਾ ਦੀ ਸਰਕਾਰ ਨੂੰ ਲਾਭ ਪਹੁੰਚਾਉਂਦੇ ਸਨ। ਹਾਲਾਂਕਿ ਸਿਹਤ ਸੇਵਾਵਾਂ, ਸਿਵਲ ਸੁਸਾਇਟੀ ਗਰੁੱਪਾਂ ਅਤੇ ਹੋਰ ਖੇਤਰਾਂ, ਜਿਨ੍ਹਾਂ ਨਾਲ ਬਰਮਾ ਦੇ ਲੋਕਾਂ ਨੂੰ ਸਿੱਧਾ ਪਹੁੰਚਦਾ ਹੈ, ਨੂੰ ਸਮਰਥਨ ਜਾਰੀ ਰੱਖਾਂਗੇ।’