ਵਾਸ਼ਿੰਗਟਨ (ਪਾਇਲ): ਅਮਰੀਕਾ ਵਿਚ ਦਹਾਕਿਆਂ ਤੋਂ ਰਹਿ ਰਹੀ ਭਾਰਤੀ ਮੂਲ ਦੀ 60 ਸਾਲਾ ਔਰਤ ਬਾਬਲਜੀਤ ''ਬਬਲੀ'' ਕੌਰ ਨੂੰ ਗ੍ਰੀਨ ਕਾਰਡ ਪ੍ਰਕਿਰਿਆ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਹੈ। ਜੋ ਕਿ 1994 ਤੋਂ ਅਮਰੀਕਾ ਵਿੱਚ ਰਹਿ ਰਹੀ ਹੈ, ਲੇਕਿਨ ਉਸਦੀ ਗ੍ਰੀਨ ਕਾਰਡ ਦੀ ਅਰਜ਼ੀ ਪੈਂਡਿੰਗ ਸੀ ਅਤੇ ਉਹ ਹਾਲ ਹੀ ਵਿੱਚ ਬਾਇਓਮੈਟ੍ਰਿਕ ਅਪਾਇੰਟਮੈਂਟ ਲਈ ਆਈ ਸੀ।
ਉਸਦੀ ਧੀ ਜੋਤੀ ਦੇ ਅਨੁਸਾਰ, ਕੌਰ ਜਦੋਂ ਆਈਸੀਈ (ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ) ਦਫਤਰ ਦੇ ਫਰੰਟ ਡੈਸਕ 'ਤੇ ਸੀ ਓਦੋ ਕਈ ਸੰਘੀ ਏਜੰਟ ਦਾਖਲ ਹੋਏ, ਉਸਨੂੰ ਇੱਕ ਕਮਰੇ ਵਿੱਚ ਬੁਲਾਇਆ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ। ਕੌਰ ਨੂੰ ਇੱਕ ਵਕੀਲ ਨਾਲ ਸੰਪਰਕ ਕਰਨ ਦਾ ਮੌਕਾ ਮਿਲਿਆ, ਪਰ ਫਿਰ ਵੀ ਹਿਰਾਸਤ ਵਿੱਚ ਰੱਖਿਆ ਗਿਆ। ਕੌਰ ਦੀ ਬੇਟੀ ਨੇ ਦੱਸਿਆ ਕਿ ਕੁਝ ਘੰਟਿਆਂ ਤੱਕ ਪਰਿਵਾਰ ਨੂੰ ਪਤਾ ਨਹੀਂ ਲੱਗਾ ਕਿ ਉਸ ਦੀ ਮਾਂ ਨੂੰ ਕਿੱਥੇ ਲੈਕੇ ਜਾਇਆ ਗਿਆ ਹੈ। ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਕੌਰ ਨੂੰ ਰਾਤੋ ਰਾਤ ਐਡਲਾਂਟੋ ਡਿਟੈਂਸ਼ਨ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਜੋ ਕਿ ਇੱਕ ਸਾਬਕਾ ਸੰਘੀ ਜੇਲ੍ਹ ਸੀ, ਲੇਕਿਨ ਹੁਣ ਆਈ.ਸੀ.ਈ ਦੁਆਰਾ ਵਰਤੀ ਜਾਂਦੀ ਹੈ।
ਬਾਬਲਜੀਤ ਕੌਰ ਅਤੇ ਉਸ ਦੇ ਪਤੀ ਦਾ ਪਰਿਵਾਰ ਪਹਿਲਾਂ ਲਗੁਨਾ ਬੀਚ ਵਿੱਚ ਵਸਿਆ ਅਤੇ ਬਾਅਦ ਵਿੱਚ ਲੌਂਗ ਬੀਚ ਦੇ ਬੇਲਮੋਂਟ ਸ਼ੋਰ ਇਲਾਕੇ ਵਿੱਚ ਆ ਵਸਿਆ। ਉਨ੍ਹਾਂ ਦੇ ਤਿੰਨ ਬੱਚੇ ਹਨ- ਜੋਤੀ, ਜਿਸ ਕੋਲ DACA ਅਧੀਨ ਕਾਨੂੰਨੀ ਦਰਜਾ ਹੈ, ਅਤੇ ਦੋ ਹੋਰ ਬੱਚੇ ਜੋ ਅਮਰੀਕੀ ਨਾਗਰਿਕ ਹਨ। ਬਾਬਲਜੀਤ ਕੌਰ ਅਤੇ ਉਸਦੇ ਪਤੀ ਨੇ 20 ਸਾਲਾਂ ਤੋਂ ਬੇਲਮੋਂਟ ਸ਼ੋਰ ਵਿੱਚ ਦੂਜੀ ਸਟਰੀਟ 'ਤੇ "ਨਟਰਾਜ ਕੁਜ਼ੀਨ ਆਫ਼ ਇੰਡੀਆ ਐਂਡ ਨੇਪਾਲ" ਨਾਮ ਦਾ ਇੱਕ ਰੈਸਟੋਰੈਂਟ ਚਲਾਇਆ, ਜੋ ਸਥਾਨਕ ਭਾਈਚਾਰੇ ਵਿੱਚ ਬਹੁਤ ਮਸ਼ਹੂਰ ਸੀ। ਇਸ ਤੋਂ ਇਲਾਵਾ ਕੌਰ ਨੇ 25 ਸਾਲ ਬੇਲਮੋਂਟ ਸ਼ੋਰ ਰਾਈਟ ਏਡ ਵਿਖੇ ਵੀ ਕੰਮ ਕੀਤਾ ਹੈ। ਹਾਲ ਹੀ 'ਚ ਉਹ ਫਿਰ ਤੋਂ ਇਕ ਰੈਸਟੋਰੈਂਟ 'ਚ ਕੰਮ ਕਰਨ ਦੀ ਤਿਆਰੀ ਕਰ ਰਹੀ ਸੀ।
ਦੱਸ ਦਇਏ ਕਿ ਪ੍ਰਸਿੱਧ ਲਾਂਗ ਬੀਚ ਦੇ ਡੈਮੋਕ੍ਰੇਟਿਕ ਕਾਂਗਰਸਮੈਨ ਰੌਬਰਟ ਗਾਰਸੀਆ ਨੇ ਬਾਬਲਜੀਤ ਕੌਰ ਦੀ ਰਿਹਾਈ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੇ ਵਕੀਲਾਂ ਨਾਲ ਸੰਪਰਕ ਬਣਾਈ ਰੱਖਿਆ ਹੈ। ਪਰਿਵਾਰ ਨੇ ਦੱਸਿਆ ਕਿ ਕੌਰ ਨੂੰ ਐਡਲੈਂਟੋ ਵਿਖੇ ਇੱਕ ਵੱਡੇ ਡੋਰਮ ਸਟਾਈਲ ਵਾਲੇ ਕਮਰੇ ਵਿੱਚ ਰੱਖਿਆ ਗਿਆ ਹੈ, ਜਿੱਥੇ ਕਈ ਹੋਰ ਕੈਦੀ ਵੀ ਰਹਿੰਦੇ ਹਨ। ਉੱਥੇ ਲਗਾਤਾਰ ਰੋਸ਼ਨੀ ਰਹਿੰਦੀ ਹੈ ਅਤੇ ਰੌਲੇ-ਰੱਪੇ ਕਾਰਨ ਸੌਣਾ ਮੁਸ਼ਕਲ ਹੋ ਗਿਆ ਹੈ।
ਜੋਤੀ ਨੇ ਕਿਹਾ, "ਇਹ ਇੱਕ ਡਰਾਉਣੇ ਸੁਪਨੇ ਵਰਗਾ ਹੈ… ਅਸੀਂ ਉਨ੍ਹਾਂ ਨੂੰ ਬਾਹਰ ਕੱਢਣ ਲਈ ਕੁਝ ਵੀ ਕਰ ਰਹੇ ਹਾਂ। ਉਨ੍ਹਾਂ ਦਾ ਉੱਥੇ ਹੋਣਾ ਬਿਲਕੁਲ ਠੀਕ ਨਹੀਂ ਹੈ। ਇਹ ਅਣਮਨੁੱਖੀ ਹੈ।" ਪਰਿਵਾਰ ਨੂੰ ਸੀਮਿਤ ਸਮੇਂ ਲਈ ਹੀ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਦਿਤੀ ਜਾਏਗੀ, ਅਤੇ ਅਕਸਰ ਇੱਕ ਛੋਟੀ ਜਿਹੀ ਮੁਲਾਕਾਤ ਲਈ ਪੂਰਾ ਦਿਨ ਉਡੀਕ ਕਰਨੀ ਪੈਂਦੀ ਹੈ। ਬਬਲੀ ਕੌਰ ਦੀ ਗ੍ਰਿਫ਼ਤਾਰੀ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਸਗੋਂ ਸਥਾਨਕ ਭਾਈਚਾਰੇ ਵਿੱਚ ਵੀ ਚਿੰਤਾ ਪੈਦਾ ਕਰ ਦਿੱਤੀ ਹੈ। ਉਸ ਦਾ ਪਰਿਵਾਰ ਅਤੇ ਵਕੀਲ ਹਰ ਸੰਭਵ ਕਾਨੂੰਨੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਕੌਰ ਨੂੰ ਜਲਦੀ ਤੋਂ ਜਲਦੀ ਰਿਹਾਅ ਕਰਵਾਇਆ ਜਾ ਸਕੇ।

