ਵੱਡੀ ਰੱਖਿਆ ਸਾਂਝੇਦਾਰੀ ਲਈ 19 ਤੋਂ ਭਾਰਤ ਦੌਰੇ ’ਤੇ ਅਮਰੀਕੀ ਰੱਖਿਆ ਮੰਤਰੀ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਵੱਡੀ ਰੱਖਿਆ ਸਾਂਝੇਦਾਰੀ ਸਬੰਧੀ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰਨਗੇ। ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਰੱਖਿਆ ਮੰਤਰੀ ਆਸਟਿਨ ਅਗਲੇ ਹਫ਼ਤੇ ਆਪਣੇ ਭਾਰਤੀ ਹਮ-ਅਹੁਦਾ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ ਤੇ ਦੋਵਾਂ ਦੇਸ਼ਾਂ ਵਿਚਾਲੇ ਵੱਡੀ ਰੱਖਿਆ ਸਾਂਝੇਦਾਰੀ ਨੂੰ ਅਮਲੀਜਾਮਾ ਪਹਿਨਾਉਣ ਦੇ ਤੌਰ-ਤਰੀਕਿਆਂ ’ਤੇ ਚਰਚਾ ਕਰਨਗੇ। ਆਸਟਿਨ 19 ਤੋਂ 21 ਮਾਰਚ ਤਕ ਭਾਰਤ ਦੇ ਦੌਰੇ ’ਤੇ ਰਹਿਣਗੇ। ਅਮਰੀਕਾ ’ਚ ਸੱਤਾ ਪਰਿਵਰਤਨ ਤੋਂ ਬਾਅਦ ਬਾਇਡਨ ਸਰਕਾਰ ਦੇ ਕਿਸੇ ਮੰਤਰੀ ਦਾ ਇਹ ਪਹਿਲਾ ਦੌਰਾ ਹੋਵੇਗਾ।

ਹਿੰਦ-ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਦੇ ਸਹਾਇਕ ਕਾਰਜਵਾਹਕ ਮੰਤਰੀ ਡੇਵਿਡ ਐੱਫ ਹੇਲਵੀ ਨੇ ਕਿਹਾ ਕਿ ਭਾਰਤ ’ਚ ਉਹ (ਆਸਟਿਨ) ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਦੂਸਰੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਭਾਰਤ ਨਾਲ ਸੂਚਨਾ ਅਦਾਨ-ਪ੍ਰਦਾਨ ਵਧਾਉਣ, ਖੇਤਰੀ ਰੱਖਿਆ ਸਮਝੌਤੇ, ਰੱਖਿਆ ਵਪਾਰ ਤੇ ਨਵੇਂ ਖੇਤਰਾਂ ’ਚ ਸਹਿਯੋਗ ਸਮੇਤ ਵੱਡੀ ਰੱਖਿਆ ਸਾਂਝੇਦਾਰੀ ਨੂੰ ਲਾਗੂ ਕਰਨ ’ਤੇ ਚਰਚਾ ਕਰਨਗੇ। ਆਸਟਿਨ ਭਾਰਤ ਦੌਰੇ ਤੋਂ ਪਹਿਲਾਂ ਜਾਪਾਨ ਤੇ ਦੱਖਣੀ ਕੋਰੀਆ ਵੀ ਜਾਣਗੇ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਭਾਰਤ ਤੇ ਅਮਰੀਕਾ ਵਿਚਾਲੇ ਰੱਖਿਆ ਸਬੰਧਾਂ ’ਚ ਤੇਜ਼ੀ ਆਈ ਹੈ। ਜੂਨ 2016 ’ਚ ਅਮਰੀਕਾ ਨੂੰ ਭਾਰਤ ਦੇ ਮੁੱਖ ਰੱਖਿਆ ਸਾਂਝੇਦਾਰ ਦਾ ਦਰਜਾ ਦਿੱਤਾ ਸੀ। ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਕੁਝ ਸਾਲਾਂ ’ਚ ਕਈ ਅਹਿਮ ਰੱਖਿਆ ਤੇ ਸੁਰੱਖਿਆ ਸਮਝੌਤਿਆਂ ’ਤੇ ਦਸਤਖ਼ਤ ਹੋਏ ਹਨ।