6 ਅਪ੍ਰੈਲ, ਸਿਮਰਨ ਕੌਰ (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਅਮਰੀਕਾ 'ਚ ਅਮਰੀਕਾ ਵਿਚ ਨਾਜਾਇਜ਼ ਤੌਰ 'ਤੇ ਦਾਖਲ ਹੋਣ ਵਾਲੇ ਵਿਦੇਸ਼ੀਆਂ ਦੀ ਗਿਣਤੀ ਵਿਚ ਕਾਫ਼ੀ ਕਮੀ ਆਈ ਹੈ | ਅਮਰੀਕੀ ਪ੍ਰਸ਼ਾਸਨ ਨੇ ਮੈਕਸੀਕੋ ਸਰਹੱਦ ਤੋਂ ਨਾਜਾਇਜ਼ ਤੌਰ 'ਤੇ ਦਾਖ਼ਲ ਹੋਏ ਭਾਰਤੀਆਂ ਦੀ ਗਿਰਫ਼ਤਾਰੀ ਵਿਚ 56 ਫ਼ੀਸਦੀ ਤਕ ਕਮੀ ਆਉਣ ਦੀ ਜਾਣਕਾਰੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿੱਤੀ ਹੈ | ਟਰੰਪ ਪ੍ਰਸ਼ਾਸਨ ਦੱਖਣ ਵਿਚ ਮੈਕਸੀਕੋ ਨਾਲ ਲੱਗਦੀ ਸਰਹੱਦ 'ਤੇ ਦੀਵਾਰ ਖੜ੍ਹੀ ਕਰ ਰਿਹਾ ਹੈ ਜਿਸ ਨਾਲ ਦੇਸ਼ ਵਿਚ ਹੋਣ ਵਾਲੀ ਨਾਜਾਇਜ਼ ਘੁਸਪੈਠ ਨੂੰ ਰੋਕਿਆ ਜਾ ਸਕੇ |
ਕੈਲੀਫੋਰਨੀਆ ਖੇਤਰ ਦੀ ਰਾਊਂਡ ਟੇਬਲ ਗੱਲਬਾਤ ਵਿਚ ਡੇਲ ਰਿਓਸੈਕਟਰ ਦੇ ਚੀਫ ਪੈਟਰੋਲ ਏਜੰਟ (ਗਸ਼ਤੀ ਦਲ ਦੇ ਮੁੱਖ ਅਧਿਕਾਰੀ) ਫੈਲਿਕਸ ਚਾਵੇਜ਼ ਨੇ ਰਾਸ਼ਟਰਪਤੀ ਟਰੰਪ ਨੂੰ ਦੱਸਿਆ ਕਿ ਉਨ੍ਹਾਂ ਦੇ ਸੈਕਟਰ 'ਚ ਅਕਤੂਬਰ 2018 'ਚ ਦੀਵਾਰ ਨਿਰਮਾਣ ਦਾ ਕੰਮ ਪੂਰਾ ਹੋ ਗਿਆ | ਇਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਦੇ ਖੇਤਰ 'ਚ ਨਾਜਾਇਜ਼ ਘੁਸਪੈਠ 75 ਫ਼ੀਸਦੀ ਤਕ ਘੱਟ ਹੋ ਗਈ | ਰਾਸ਼ਟਰਪਤੀ ਟਰੰਪ ਸਰਹੱਦ 'ਤੇ ਬਣੀ ਦੀਵਾਰ ਨੂੰ ਵੇਖਣ ਲਈ ਡੇਲ ਰਿਓ ਆਏ ਸਨ |
ਟਰੰਪ ਨੇ ਕਿਹਾ ਕਿ ਦੋ ਸਾਲ ਵਿਚ ਅਸੀਂ 643 ਕਿਲੋਮੀਟਰ ਲੰਬੀ ਦੀਵਾਰ ਬਣਾਉਣ ਦਾ ਕੰਮ ਪੂਰਾ ਕਰ ਲਵਾਂਗੇ | ਕੁਝ ਥਾਵਾਂ 'ਤੇ ਇਹ ਦੀਵਾਰ 30 ਫੁੱਟ ਤਕ ਉੱਚੀ ਹੈ | ਰਾਸ਼ਟਰਪਤੀ ਨੇ ਕਿਹਾ ਕਿ ਹਰ ਸਾਲ 70 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਸਰਹੱਦ ਤੋਂ ਹੋ ਕੇ ਅਮਰੀਕਾ ਵਿਚ ਘੁਸਪੈਠ ਕਰ ਰਹੇ ਸਨ ਜੋ ਬਾਅਦ ਵਿਚ ਦੇਸ਼ ਦੀ ਕਾਨੂੰਨ ਵਿਵਸਥਾ ਲਈ ਖ਼ਤਰਾ ਬਣ ਰਹੇ ਸਨ |



