ਅਮਰੀਕਾ: 50% ਟੈਰਿਫ ਤਣਾਅ ਦੇ ਵਿਚਕਾਰ ਸ਼ੁਰੂ ਹੋਇਆ ਐਲੀਸਨ ਹੁੱਕਰ ਦਾ ਅਹਿਮ ਭਾਰਤ ਦੌਰਾ

by nripost

ਨਵੀਂ ਦਿੱਲੀ (ਪਾਇਲ): ਅਮਰੀਕਾ ਦੀ ਉਪ ਵਿਦੇਸ਼ ਮੰਤਰੀ (ਸਿਆਸੀ ਮਾਮਲੇ) ਐਲੀਸਨ ਹੁੱਕਰ ਦਾ ਭਾਰਤ ਦਾ ਪੰਜ ਰੋਜ਼ਾ ਦੌਰਾ ਅੱਜ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦਾ ਇਹ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਅਮਰੀਕਾ ਵੱਲੋਂ ਭਾਰਤੀ ਵਸਤਾਂ ’ਤੇ 50 ਫੀਸਦੀ ਟੈਰਿਫ ਲਾਉਣ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਤਣਾਅ ਵਧਿਆ ਹੋਇਆ ਹੈ। ਅਮਰੀਕੀ ਸਫਾਰਤਖਾਨੇ ਮੁਤਾਬਕ ਹੁੱਕਰ ਦਾ 7 ਤੋਂ 11 ਦਸੰਬਰ ਤੱਕ ਦਾ ਦੌਰਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭਾਈਵਾਲੀ ਮਜ਼ਬੂਤ ਕਰਨ ਲਈ ਹੈ।

ਦੱਸ ਦਇਏ ਕਿ ਨਵੀਂ ਦਿੱਲੀ ਵਿੱਚ ਐਲੀਸਨ ਹੁੱਕਰ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਖੇਤਰੀ ਸੁਰੱਖਿਆ ਅਤੇ ਆਰਥਿਕ ਸਹਿਯੋਗ ’ਤੇ ਗੱਲਬਾਤ ਕਰਨਗੇ। ਇਸ ਤੋਂ ਬਾਅਦ ਉਹ ਬੰਗਲੂਰੂ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਦੌਰਾ ਕਰਨਗੇ। ਜ਼ਿਕਰਯੋਗ ਹੈ ਕਿ ਇਹ ਦੌਰਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਭਾਰਤ ਫੇਰੀ ਤੋਂ ਦੋ ਦਿਨ ਬਾਅਦ ਹੋ ਰਿਹਾ ਹੈ, ਜਿਸ ਨੂੰ ਰਣਨੀਤਕ ਨਜ਼ਰੀਏ ਤੋਂ ਅਹਿਮ ਮੰਨਿਆ ਜਾ ਰਿਹਾ ਹੈ।