ਅਮਰੀਕਾ:ਦੋ ਅਹਿਮ ਬਿੱਲ ਕੀਤੇ ਪਾਸ ਬਿਨਾਂ ਦਸਤਾਵੇਜ਼ ਵਾਲੇ ਲੋਕਾਂ ਨੂੰ ਮਿਲੇਗੀ ਨਾਗਰਿਕਤਾ

by vikramsehajpal

ਅਮਰੀਕਾ,(ਦੇਵ ਇੰਦਰਜੀਤ) :ਪ੍ਰਤੀਨਿਧ ਸਭਾ 'ਚ ਅਮਰੀਕਨ ਡ੍ਰੀਮ ਐਂਡ ਪ੍ਰਰਾਮਿਸ ਐਕਟ 2021 ਨੂੰ 197 ਦੇ ਮੁਕਾਬਲੇ 228 ਵੋਟਾਂ ਨਾਲ ਮਨਜ਼ੂਰੀ ਦਿੱਤੀ ਗਈ। ਇਸ ਦਾ ਸਵਾਗਤ ਕਰਦੇ ਹੋਏ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਇਮੀਗ੍ਰੇਸ਼ਨ ਸਿਸਟਮ 'ਚ ਸੁਧਾਰ ਦੀ ਦਿਸ਼ਾ 'ਚ ਇਹ ਅਹਿਮ ਕਦਮ ਹੈ। ਬਾਇਡਨ ਨੇ ਇਕ ਬਿਆਨ 'ਚ ਕਿਹਾ, 'ਮੈਂ ਇਸ ਬਿੱਲ ਦੀ ਹਮਾਇਤ ਕਰਦਾ ਹਾਂ।' ਇਸ ਬਿੱਲ ਦੇ ਪਾਸ ਹੋਣ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੇਗੀ, ਜਿਹੜੇ ਆਪਣੇ ਮਾਤਾ-ਪਿਤਾ ਨਾਲ ਬਚਪਨ 'ਚ ਬਿਨਾਂ ਕਿਸੇ ਦਸਤਾਵੇਜ਼ ਦੇ ਅਮਰੀਕਾ 'ਚ ਆ ਗਏ ਸਨ। ਅਜਿਹੇ ਲੋਕਾਂ ਨੂੰ ਡ੍ਰੀਮਰਸ ਕਿਹਾ ਜਾਂਦਾ ਹੈ। ਨਵੰਬਰ 'ਚ ਬਾਇਡਨ ਦੀ ਚੋਣ ਮੁਹਿੰਮ ਟੀਮ ਵੱਲੋਂ ਜਾਰੀ ਇਕ ਦਸਤਾਵੇਜ਼ ਮੁਤਾਬਕ ਅਮਰੀਕਾ 'ਚ ਕਰੀਬ 1.1 ਕਰੋੜ ਲੋਕ ਬਿਨਾਂ ਕਿਸੇ ਦਸਤਾਵੇਜ਼ ਦੇ ਅਮਰੀਕਾ 'ਚ ਰਹਿੰਦੇ ਹਨ। ਇਨ੍ਹਾਂ 'ਚ ਪੰਜ ਲੱਖ ਭਾਰਤੀ ਵੀ ਦੱਸੇ ਜਾਂਦੇ ਹਨ।

ਸੰਸਦ ਦੇ ਹੇਠਲੇ ਸਦਨ 'ਚ ਦੋ ਅਹਿਮ ਬਿੱਲ ਪਾਸ ਕੀਤੇ ਗਏ। ਇਨ੍ਹਾਂ ਬਿੱਲਾਂ ਦੇ ਪਾਸ ਹੋਣ ਨਾਲ ਅਮਰੀਕਾ 'ਚ ਬਿਨਾਂ ਕਿਸੇ ਦਸਤਾਵੇਜ਼ ਦੇ ਰਹਿਣ ਵਾਲੇ ਲੱਖਾਂ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਰਸਤਾ ਖੁੱਲ੍ਹੇਗਾ। ਇਸ ਨਾਲ ਉਨ੍ਹਾਂ ਬੱਚਿਆਂ ਨੂੰ ਵੀ ਨਾਗਰਿਕਤਾ ਮਿਲ ਸਕਦੀ ਹੈ ਜਿਨ੍ਹਾਂ ਦੇ ਮਾਤਾ-ਪਿਤਾ ਐੱਚ-1ਬੀ ਵੀਜ਼ੇ 'ਤੇ ਅਮਰੀਕਾ 'ਚ ਕੰਮ ਕਰ ਰਹੇ ਹਨ। ਇਸ ਕਦਮ ਨਾਲ ਲੱਖਾਂ ਭਾਰਤੀਆਂ ਨੂੰ ਵੀ ਰਾਹਤ ਮਿਲਣ ਦੀ ਉਮੀਦ ਹੈ। ਐੱਚ-1ਬੀ ਵੀਜ਼ਾ ਭਾਰਤੀ ਪੇਸ਼ੇਵਰਾਂ 'ਚ ਖ਼ਾਸ ਲੋਕਪਿ੍ਰਆ ਹੈ।