ਅਮਰੀਕਾ:ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਬਾਹਰ ਮੁੜ ਜੁੜੇ ਪ੍ਰਦਰਸ਼ਨਕਾਰੀ, ਪੁਲੀਸ ਵੱਲੋਂ ਨਾਕਾਬੰਦੀ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕਾ ਦੇ ਵੱਖ-ਵੱਖ ਰਾਜਾਂ ਦੀਆਂ ‘ਕੈਪੀਟਲ’ ਇਮਾਰਤਾਂ (ਵਿਧਾਨ ਸਭਾਵਾਂ) ਦੇ ਬਾਹਰ ਸੱਜੇ ਪੱਖੀ ਮੁਜ਼ਾਹਰਾਕਾਰੀ ਸਮੂਹਾਂ ਦੇ ਰੂਪ ਵਿਚ ਜੁੜਨੇ ਸ਼ੁਰੂ ਹੋ ਗਏ ਹਨ। ਹਾਲਾਂਕਿ ਸਾਰੇ ਰਾਜਾਂ ਵਿਚ ਇਨ੍ਹਾਂ ਇਮਾਰਤਾਂ ਬਾਹਰ ਵੱਡੀ ਗਿਣਤੀ ਨੈਸ਼ਨਲ ਗਾਰਡਜ਼ ਤੇ ਪੁਲੀਸ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਵਾਸ਼ਿੰਗਟਨ ਜਿਹੀ ਹਿੰਸਾ ਹੋਣ ਤੋਂ ਰੋਕੀ ਜਾ ਸਕੇ। ਕਈ ਥਾਵਾਂ ’ਤੇ ਇਮਾਰਤਾਂ ਦੇ ਬਾਹਰ ਕੰਡਿਆਲੀ ਤਾਰ ਲਾਈ ਗਈ ਹੈ।

ਵਾਸ਼ਿੰਗਟਨ ਵਿਚ ਨੈਸ਼ਨਲ ਮਾਲ ਨੂੰ ਬੰਦ ਕੀਤਾ ਗਿਆ ਹੈ ਤੇ ਆਉਂਦੇ ਦਿਨਾਂ ਵਿਚ 25 ਹਜ਼ਾਰ ਨੈਸ਼ਨਲ ਗਾਰਡ ਸ਼ਹਿਰ ਪੁੱਜ ਰਹੇ ਹਨ। ਦੱਸਣਯੋਗ ਹੈ ਕਿ ਜੋਅ ਬਾਇਡਨ ਤੇ ਕਮਲਾ ਹੈਰਿਸ ਦੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਐਫਬੀਆਈ ਨੇ ਵਾਸ਼ਿੰਗਟਨ ਤੇ ਸਾਰੇ 50 ਰਾਜਾਂ ਵਿਚ ਹਥਿਆਰਬੰਦ ਰੋਸ ਮੁਜ਼ਾਹਰਿਆਂ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਸੂਬਿਆਂ ਦੀ ਰਾਜਧਾਨੀਆਂ ਵਿਚ ਕੈਪੀਟਲ ਇਮਾਰਤਾਂ ਦੇ ਬਾਹਰ ਇਕੱਠੇ ਹੋਏ ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਡੋਨਲਡ ਟਰੰਪ ਦੀ ਹਮਾਇਤ ਵਿਚ ਆਏ ਹਨ।