ਵਾਰਾਣਸੀ (ਪਾਇਲ): ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਕਈ ਮੱਠਾਂ ਅਤੇ ਮੰਦਰਾਂ ਨੂੰ ਬਕਾਇਆ ਟੈਕਸਾਂ ਦੇ ਭੁਗਤਾਨ 'ਚ ਦੇਰੀ ਲਈ ਕੁਰਕੀ ਦੇ ਨੋਟਿਸ ਜਾਰੀ ਕੀਤੇ ਜਾਣ 'ਤੇ ਸੰਤ ਸਮਾਜ ਵਲੋਂ ਨਾਰਾਜ਼ਗੀ ਜ਼ਾਹਰ ਕੀਤੇ ਜਾਣ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਨੇ ਵੀਰਵਾਰ ਨੂੰ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਕੁਰਕੀ ਦਾ ਹੁਕਮ ਲਾਗੂ ਨਹੀਂ ਹੋਵੇਗਾ।
ਵਾਰਾਣਸੀ ਨਗਰ ਨਿਗਮ ਦੇ ਕਮਿਸ਼ਨਰ ਹਿਮਾਂਸ਼ੂ ਨਾਗਪਾਲ ਨੇ ਕਿਹਾ ਕਿ ਨਗਰ ਨਿਗਮ ਐਕਟ ਦੀ ਧਾਰਾ 175 ਅਤੇ 177 ਦੇ ਤਹਿਤ ਕਿਸੇ ਵੀ ਮੱਠ, ਮੰਦਰ ਜਾਂ ਧਾਰਮਿਕ ਸੰਸਥਾ 'ਤੇ 'ਹਾਊਸ ਟੈਕਸ' ਲਾਗੂ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਬਿਲਿੰਗ ਪ੍ਰਣਾਲੀ ਵਿੱਚ ਹੋਈਆਂ ਤਕਨੀਕੀ ਤਬਦੀਲੀਆਂ ਕਾਰਨ ਕੁਝ ਥਾਵਾਂ ’ਤੇ ਗਲਤੀ ਨਾਲ ਨੋਟਿਸ ਜਾਰੀ ਕੀਤੇ ਗਏ ਸਨ, ਜਿਨ੍ਹਾਂ ਨੂੰ ਤੁਰੰਤ ਠੀਕ ਕੀਤਾ ਜਾ ਰਿਹਾ ਹੈ।
ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਸਾਰੇ ਮਾਲ ਇੰਸਪੈਕਟਰਾਂ ਅਤੇ ਜ਼ੋਨਲ ਅਧਿਕਾਰੀਆਂ ਨੂੰ ਸੁਚੇਤ ਕਰ ਦਿੱਤਾ ਗਿਆ ਹੈ ਤਾਂ ਜੋ ਬਿਨਾਂ ਜਾਂਚ ਤੋਂ ਕੋਈ ਬਿੱਲ ਨਾ ਵੰਡਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਉਸੇ ਦਿਨ ਉਸ ਨੂੰ ਸੁਧਾਰਿਆ ਜਾਵੇਗਾ।
ਅਧਿਕਾਰੀ ਨੇ ਕਿਹਾ ਕਿ ਧਾਰਮਿਕ ਸਥਾਨਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕੁਰਕੀ ਦੇ ਹੁਕਮ ਨੂੰ ਬਿਲਕੁਲ ਵੀ ਲਾਗੂ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 2010 ਦੇ ਸਰਕਾਰੀ ਹੁਕਮਾਂ ਤਹਿਤ ਧਾਰਮਿਕ ਅਤੇ ਚੈਰੀਟੇਬਲ ਅਦਾਰਿਆਂ ਨੂੰ ਜਲ ਟੈਕਸ ਅਤੇ ਸੀਵਰ ਟੈਕਸ ਵਿੱਚ 50 ਫੀਸਦੀ ਛੋਟ ਪਹਿਲਾਂ ਵਾਂਗ ਹੀ ਲਾਗੂ ਰਹੇਗੀ। ਵਾਰਾਣਸੀ ਨਗਰ ਨਿਗਮ ਨੇ ਬਕਾਇਆ ਟੈਕਸਾਂ ਕਾਰਨ ਕਈ ਮੱਠਾਂ ਅਤੇ ਮੰਦਰਾਂ ਨੂੰ ਕੁਰਕੀ ਦੇ ਨੋਟਿਸ ਭੇਜੇ ਜਾਣ 'ਤੇ ਸੰਤ ਸਮਾਜ ਨੇ ਨਾਰਾਜ਼ਗੀ ਪ੍ਰਗਟਾਈ ਸੀ।



