ਚੰਡੀਗੜ੍ਹ (ਰਾਘਵ) : ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਵੱਡਾ ਖੁਲਾਸਾ ਕੀਤਾ ਹੈ। ਬਿਊਰੋ ਅਨੁਸਾਰ ਮਜੀਠੀਆ ਕੋਲੋਂ 500 ਕਰੋੜ ਰੁਪਏ ਦੇ ਲੈਣ-ਦੇਣ ਦੇ ਦਸਤਾਵੇਜ਼ ਮਿਲੇ ਹਨ, ਜਿਸ ਦੇ ਨਾਲ ਹੀ ਉਸ ਕੋਲੋਂ ਸ਼ੈੱਲ ਕੰਪਨੀਆਂ (ਕੰਪਨੀਆਂ ਜੋ ਸਿਰਫ਼ ਕਾਗਜ਼ਾਂ 'ਤੇ ਮੌਜੂਦ ਹਨ) ਤੋਂ 150 ਕਰੋੜ ਰੁਪਏ ਦੀ ਆਮਦਨ ਦੇ ਠੋਸ ਸਬੂਤ ਮਿਲੇ ਹਨ। ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ (SIT) ਨੇ ਰਿਪੋਰਟ ਪੇਸ਼ ਕੀਤੀ ਹੈ। ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਅਤੇ ਉਨ੍ਹਾਂ ਦੀ ਪਤਨੀ ਗਨੀਵ ਕੌਰ ਦੀ 540 ਕਰੋੜ ਰੁਪਏ ਤੋਂ ਵੱਧ ਦੀ ਗੈਰ-ਕਾਨੂੰਨੀ ਜਾਇਦਾਦ ਬਾਰੇ ਜਾਂਚ ਏਜੰਸੀ ਦੀ ਰਿਪੋਰਟ ਵਿੱਚ ਵੱਡੇ ਖੁਲਾਸੇ ਹੋਏ ਹਨ।
ਜਾਂਚ ਤੋਂ ਬਾਅਦ ਐਸਆਈਟੀ ਟੀਮ ਨੇ ਮੀਡੀਆ ਨੂੰ ਦੱਸਿਆ ਕਿ ਮਜੀਠੀਆ ਨੇ ਆਪਣੇ ਪ੍ਰਭਾਵ ਅਤੇ ਅਹੁਦੇ ਦੀ ਦੁਰਵਰਤੋਂ ਕਰਕੇ ਗੈਰ-ਕਾਨੂੰਨੀ ਤਰੀਕਿਆਂ ਨਾਲ ਬੇਸ਼ੁਮਾਰ ਦੌਲਤ, ਜਾਇਦਾਦ ਅਤੇ ਵਪਾਰਕ ਹਿੱਤ ਹਾਸਲ ਕੀਤੇ ਹਨ। ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਐਸ.ਆਈ.ਟੀ ਵੱਲੋਂ 22 ਵਿਅਕਤੀਆਂ ਦੇ ਟਿਕਾਣਿਆਂ 'ਤੇ ਅਤੇ ਵਿਜੀਲੈਂਸ ਬਿਊਰੋ ਵੱਲੋਂ 3 ਥਾਵਾਂ 'ਤੇ ਤਲਾਸ਼ੀ ਅਤੇ ਬਰਾਮਦਗੀ ਅਭਿਆਨ ਚਲਾਇਆ ਗਿਆ। ਜਿਸ ਵਿੱਚ 30 ਤੋਂ ਵੱਧ ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, ਕਈ ਡਾਇਰੀਆਂ, ਕਈ ਜਾਇਦਾਦ ਦੇ ਦਸਤਾਵੇਜ਼ ਅਤੇ ਸਰਾਇਆ ਇੰਡਸਟਰੀਜ਼ ਨਾਲ ਸਬੰਧਤ ਕਈ ਦਸਤਾਵੇਜ਼ ਮਿਲੇ ਹਨ।
ਬੁਲਾਰੇ ਨੇ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਨੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਦਿਆਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ, ਤਲਾਸ਼ੀ ਅਤੇ ਬਰਾਮਦਗੀ ਦੀ ਸੰਭਾਵਨਾ ਹੈ। ਬੁਲਾਰੇ ਨੇ ਕਿਹਾ ਕਿ ਜਾਂਚ ਨੂੰ ਇਸ ਦੇ ਤਰਕਪੂਰਨ ਸਿੱਟੇ ਤੱਕ ਪਹੁੰਚਾਉਣ ਲਈ ਸਾਰੇ ਇਕੱਠੇ ਕੀਤੇ ਸਬੂਤ ਸਬੰਧਤ ਅਦਾਲਤ ਦੇ ਸਾਹਮਣੇ ਰੱਖੇ ਜਾਣਗੇ ਅਤੇ ਅਦਾਲਤੀ ਫੈਸਲੇ ਲਈ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਵੇਗੀ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਓਰੋ ਨੇ ਥਾਣਾ ਸਦਰ ਪੰਜਾਬ ਰਾਜ ਨਗਰ ਵਿਖੇ ਐਨਡੀਪੀਐਸ ਐਕਟ 1985 ਦੀਆਂ ਧਾਰਾਵਾਂ 25, 27-ਏ ਅਤੇ 29 ਤਹਿਤ ਦਰਜ ਐਫਆਈਆਰ ਨੰਬਰ 02 ਮਿਤੀ 20-12-2021 ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਰਿਪੋਰਟ ਦੇ ਅਧਾਰ 'ਤੇ ਕੇਸ ਦਰਜ ਕੀਤਾ ਹੈ। ਜਿਸ ਵਿੱਚ ਬਿਕਰਮ ਸਿੰਘ ਮਜੀਠੀਆ ਵੱਲੋਂ ਡਰੱਗ ਮਨੀ ਦੀ ਵੱਡੇ ਪੱਧਰ ‘ਤੇ ਲਾਂਡਰਿੰਗ ਕਰਨ ਦੇ ਠੋਸ ਸਬੂਤ ਮਿਲੇ ਹਨ।



