Vijay Diwas : ਪੜ੍ਹੋ ਕਿਵੇਂ 50 ਸਾਲ ਪਹਿਲਾਂ 1971 ‘ਚ ਭਾਰਤ ਨੇ ਖਦੇੜਿਆ ਸੀ ਪਾਕਿਸਤਾਨ…

Vijay Diwas : ਪੜ੍ਹੋ ਕਿਵੇਂ 50 ਸਾਲ ਪਹਿਲਾਂ 1971 ‘ਚ ਭਾਰਤ ਨੇ ਖਦੇੜਿਆ ਸੀ ਪਾਕਿਸਤਾਨ…

ਨਿਊਜ਼ ਡੈਸਕ (ਜਸਕਮਲ) : ਭਾਰਤ ਤੇ ਪਾਕਿਸਤਾਨ ਵਿਚਕਾਰ ਸਾਲ 1971 ‘ਚ ਹੋਈ ਜੰਗ ਦੇ 50 ਸਾਲ ਪੂਰੇ ਹੋ ਗਏ ਹਨ। ਤਿੰਨ ਦਸੰਬਰ, 1971 ਨੂੰ ਪਾਕਿਸਤਾਨ ਨੇ ਜੰਗ ਤਾਂ ਛੇੜ ਦਿੱਤੀ ਪਰ ਭਾਰਤੀ ਫੌਜੀਆਂ ਦੇ ਪਰਾਕਰਮ ਅੱਗੇ ਮਹਿਜ਼ 13 ਦਿਨਾਂ ‘ਚ ਹੀ ਗੋਡੇ ਟੇਕਣੇ ਪਏ। ਪਾਕਿਸਤਾਨ ਦਾ ਫੌਜੀ ਤਾਨਾਸ਼ਾਹ ਯਾਹੀਆ ਖ਼ਾਨ ਆਪਣੇ ਹੀ ਦੇਸ਼ ਦੇ ਪੂਰਬੀ ਹਿੱਸੇ ‘ਚ ਰਹਿਣ ਵਾਲੇ ਲੋਕਾਂ ਦਾ ਦਮਨ ਕਰ ਰਿਹਾ ਸੀ। 25 ਮਾਰਚ 1971 ਨੂੰ ਉਸ ਨੇ ਪੂਰਬੀ ਪਾਕਿਸਤਾਨ ਦੀਆਂ ਲੋਕ-ਭਾਵਨਾਵਾਂ ਨੂੰ ਕੁਚਲਨ ਦਾ ਹੁਕਮ ਦੇ ਦਿੱਤਾ। ਇਸ ਤੋਂ ਬਾਅਦ ਅੰਦੋਲਨ ਦੀ ਅਗਵਾਈ ਕਰ ਰਹੇ ਸ਼ੇਖ ਮੁਜੀਬ-ਉਰ-ਰਹਮਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਲੋਕ ਭਾਰਤ ‘ਚ ਸ਼ਰਨ ਲੈਣ ਲੱਗੇ। ਇਸ ਤੋਂ ਬਾਅਦ ਭਾਰਤ ਸਰਕਾਰ ‘ਤੇ ਦਖ਼ਲ ਦੇਣ ਦਾ ਦਬਾਅ ਬਣਨ ਲੱਗਾ।

ਜਨਰਲ ਮਾਨਿਕ ਸ਼ਾਅ ਦਾ ਪੱਕਾ ਇਰਾਦਾ

ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫ਼ੌਜ ਮੁਖੀ ਜਨਰਲ ਮਾਨਿਕ ਸ਼ਾਅ ਨਾਲ ਗੱਲਬਾਤ ਕੀਤੀ। ਉਦੋਂ ਭਾਰਤ ਕੋਲ ਸਿਰਫ਼ ਇਕ ਮਾਉਂਟੇਨ ਡਵੀਜ਼ਨ ਸੀ ਤੇ ਉਸ ਕੋਲ ਵੀ ਪੁਲ਼ ਨਿਰਮਾਣ ਦੀ ਸਮਰੱਥਾ ਨਹੀਂ ਸੀ। ਮੌਨਸੂਨ ਦਸਤਕ ਦੇਣ ਵਾਲਾ ਸੀ। ਅਜਿਹੇ ਵਿਚ ਪੂਰਬੀ ਪਾਕਿਸਤਾਨ ‘ਚ ਪ੍ਰਵੇਸ਼ ਕਰਨਾ ਜੋਖ਼ਮ ਭਰਿਆ ਸੀ। ਜਨਰਲ ਸ਼ਾਅ ਨੇ ਸਾਫ਼ ਕਹਿ ਦਿੱਤਾ ਕਿ ਉਹ ਮੁਕੰਮਲ ਤਿਆਰੀ ਦੇ ਨਾਲ ਹੀ ਜੰਗ ਦੇ ਮੈਦਾਨ ‘ਚ ਉਤਰਨਗੇ।