ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਹੋਈ ਜ਼ਬਰਦਸਤ ਝੜਪ, ਅਕਾਲੀ ਵਰਕਰ ਦੀ ਮੌਤ

by jaskamal

ਨਿਊਜ਼ ਡੈਸਕ (ਜਸਕਮਲ) : ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਚੱਠਾ ਸੀੜ੍ਹਾ ਵਿਖੇ ਵੋਟਾਂ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ਦਰਮਿਆਨ ਹੋਈ ਝੜਪ ਹੋ ਗਈ। ਇਸ ਦੌਰਾਨ ਦਾਤਰ ਮਾਰ ਕੇ ਕਾਂਗਰਸੀਆਂ ਵੱਲੋਂ ਇਕ ਅਕਾਲੀ ਵਰਕਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ 2 ਜਣੇ ਜ਼ਖ਼ਮੀ ਹੋ ਗਏ। ਇਸ ਸਬੰਧੀ ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਕਰਮਬੀਰ ਸਿੰਘ ਪੁੱਤਰ ਗੁਰਵੰਤ ਸਿੰਘ ਵਾਸੀ ਪਿੰਡ ਚੱਠਾ ਸੀੜ੍ਹਾ, ਜੋ ਕਿ ਸ਼੍ਰੋਮਣੀ ਅਕਾਲੀ ਦਲ (ਬ) ਦਾ ਵਰਕਰ ਹੈ, ਦਾ ਆਪਣੇ ਹੀ ਸ਼ਰੀਕੇ ’ਚੋਂ, ਜੋ ਕਿ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ, ਨਾਲ ਵੋਟਾਂ ਨੂੰ ਲੈ ਕੇ ਸ਼ਾਮ ਸਮੇਂ ਝਗੜਾ ਹੋ ਗਿਆ ਤੇ ਇਹ ਝਗੜਾ ਵਧਦਾ ਹੋਇਆ ਲੜਾਈ ’ਚ ਤਬਦੀਲ ਹੋ ਗਿਆ।

ਥਾਣਾ ਮੁਖੀ ਨੇ ਦੱਸਿਆ ਕਿ ਇਸ ਦੌਰਾਨ ਕਾਂਗਰਸੀਆਂ ਨੇ ਅਕਾਲੀ ਵਰਕਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਅਕਾਲੀ ਵਰਕਰ ਕਰਮਬੀਰ ਸਿੰਘ ਦੀ ਮੌਤ ਹੋ ਗਈ, ਜਦਕਿ 2 ਜਣੇ ਜ਼ਖਮੀ ਹੋ ਗਏ। ਥਾਣਾ ਮੁਖੀ ਨੇ ਦੱਸਿਆ ਕਿ ਇਸ ਕਤਲ ਦੀ ਸੂਚਨਾ ਮਿਲਦਿਆਂ ਹੀ ਉਹ ਪੁਲਸ ਫੋਰਸ ਸਮੇਤ ਤੁਰੰਤ ਪਿੰਡ ਚੱਠਾ ਸੀੜ੍ਹਾ ਵਿਖੇ ਪਹੁੰਚੇ, ਜਿਥੇ ਕਰਮਬੀਰ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਹੈ।