ਵਾਸ਼ਿੰਗਟਨ (ਪਾਇਲ): ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਵੀਜ਼ਾ ਨੂੰ ਲੈ ਕੇ ਇਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸ ਤਹਿਤ ਵਿਦੇਸ਼ੀ ਨਾਗਰਿਕਾਂ ਲਈ ਅਮਰੀਕੀ ਵੀਜ਼ਾ ਲੈਣ ਅਤੇ ਰਹਿਣ ਲਈ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਟਰੰਪ ਪ੍ਰਸ਼ਾਸਨ ਨੇ ਵਿਦੇਸ਼ਾਂ ਵਿੱਚ ਅਮਰੀਕੀ ਦੂਤਾਵਾਸਾਂ ਅਤੇ ਕੌਂਸਲਰ ਅਧਿਕਾਰੀਆਂ ਨੂੰ ਵੀਜ਼ਾ ਬਿਨੈਕਾਰਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਅਮਰੀਕਾ ਵਿੱਚ ਰਹਿੰਦੇ ਹੋਏ ਸਰਕਾਰੀ ਸਹਾਇਤਾ 'ਤੇ ਨਿਰਭਰ ਨਾ ਹੋਣ।
ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਬਿਨੈਕਾਰਾਂ ਨੂੰ ਉਮਰ, ਸਿਹਤ, ਪਰਿਵਾਰਕ ਸਥਿਤੀ, ਵਿੱਤੀ ਸਥਿਤੀ, ਸਿੱਖਿਆ, ਹੁਨਰ ਅਤੇ ਅੰਗਰੇਜ਼ੀ ਬੋਲਣ ਦੀ ਯੋਗਤਾ ਵਰਗੀਆਂ ਕਈ ਚੀਜ਼ਾਂ ਦਾ ਮੁਲਾਂਕਣ ਕਰਨ ਲਈ ਕਿਹਾ ਗਿਆ ਹੈ। ਖਾਸ ਤੌਰ 'ਤੇ ਸ਼ੂਗਰ, ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ, ਮਾਨਸਿਕ ਸਿਹਤ ਸਮੱਸਿਆਵਾਂ ਵਰਗੀਆਂ ਡਾਕਟਰੀ ਸਥਿਤੀਆਂ ਵਾਲੇ ਲੋਕ ਵੀਜ਼ਾ ਲਈ ਅਯੋਗ ਹੋ ਸਕਦੇ ਹਨ।
ਅਧਿਕਾਰੀਆਂ ਨੂੰ ਬਿਨੈਕਾਰਾਂ ਦੇ ਬੈਂਕ ਦਸਤਾਵੇਜ਼ਾਂ, ਜਾਇਦਾਦਾਂ, ਨਿਵੇਸ਼ਾਂ ਅਤੇ ਪੈਨਸ਼ਨ ਖਾਤਿਆਂ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਵੀਜ਼ਾ ਮਿਲਣ ਦੀ ਸੰਭਾਵਨਾ ਘੱਟ ਸਕਦੀ ਹੈ ਅਤੇ ਅਮਰੀਕਾ 'ਚ ਰਹਿ ਰਹੇ ਪਰਿਵਾਰਕ ਮੈਂਬਰਾਂ ਲਈ ਮੁਸ਼ਕਿਲਾਂ ਵੀ ਵਧ ਸਕਦੀਆਂ ਹਨ।
ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਅਮਰੀਕੀ ਹਿੱਤ ਪਹਿਲਾਂ ਆਉਂਦੇ ਹਨ ਅਤੇ ਨਵੇਂ ਦਿਸ਼ਾ-ਨਿਰਦੇਸ਼ ਇਹ ਯਕੀਨੀ ਬਣਾਉਣਗੇ ਕਿ ਅਮਰੀਕੀ ਟੈਕਸਦਾਤਾਵਾਂ 'ਤੇ ਬੋਝ ਨਾ ਪਵੇ। ਹਾਲਾਂਕਿ, ਇਸ ਮਾਰਗਦਰਸ਼ਨ ਦਾ ਪ੍ਰਭਾਵ ਵੱਡੇ ਪੱਧਰ 'ਤੇ ਕੌਂਸਲਰ ਅਫਸਰਾਂ ਦੀ ਵਿਆਖਿਆ 'ਤੇ ਛੱਡਿਆ ਗਿਆ ਹੈ। ਜਿਸ ਦੌਰਾਨ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਨੀਤੀ ਜੋਖਮ ਭਰੀ ਹੈ ਅਤੇ ਅਮਰੀਕਾ ਵਿੱਚ ਕਾਨੂੰਨੀ ਤੌਰ 'ਤੇ ਰਹਿ ਰਹੇ ਪਰਿਵਾਰਾਂ ਵਿੱਚ ਸਰਕਾਰੀ ਸਹਾਇਤਾ ਲੈਣ ਵਿੱਚ ਡਰ ਅਤੇ ਉਲਝਣ ਪੈਦਾ ਕਰ ਸਕਦੀ ਹੈ।



