ਲਖਨਊ (ਪਾਇਲ): ਮੁੱਖ ਚੋਣ ਅਧਿਕਾਰੀ ਨਵਦੀਪ ਰਿਣਵਾ ਨੇ ਉੱਤਰ ਪ੍ਰਦੇਸ਼ 'ਚ ਵੋਟਰ ਸੂਚੀ ਦੀ ਵਿਸ਼ੇਸ਼ ਸਮਰੀ ਰੀਵੀਜ਼ਨ (ਐੱਸ. ਐੱਸ. ਆਰ.) ਨੂੰ ਲੈ ਕੇ ਅਹਿਮ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਨੂੰ ਸ਼ੁੱਧ ਅਤੇ ਪਾਰਦਰਸ਼ੀ ਬਣਾਉਣ ਲਈ ਹਰ ਪੱਧਰ 'ਤੇ ਕੰਮ ਚੱਲ ਰਿਹਾ ਹੈ। ਨਵਦੀਪ ਰਿਣਵਾ ਨੇ ਕਿਹਾ, "ਸਾਡਾ 99.1% ਕੰਮ ਪੂਰਾ ਹੋ ਚੁੱਕਾ ਹੈ। ਲਗਭਗ 80% ਵੋਟਰਾਂ ਨੇ ਗਿਣਤੀ ਦੇ ਫਾਰਮਾਂ 'ਤੇ ਦਸਤਖਤ ਕੀਤੇ ਹਨ ਅਤੇ ਜਮ੍ਹਾ ਕਰਵਾ ਦਿੱਤੇ ਹਨ।" ਉਨ੍ਹਾਂ ਕਿਹਾ ਕਿ ਲਗਭਗ 2.91 ਕਰੋੜ ਫਾਰਮਾਂ ਦੀ ਅਜੇ ਵੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਬੂਥ ਲੈਵਲ ਅਫਸਰ (ਬੀ.ਐਲ.ਓਜ਼) ਇਸ ਪ੍ਰਕਿਰਿਆ ਦੀ ਨਿਰੰਤਰ ਨਿਗਰਾਨੀ ਕਰ ਰਹੇ ਹਨ।
ਮੁੱਖ ਚੋਣ ਅਫ਼ਸਰ ਨੇ ਕਿਹਾ ਕਿ ਡਰਾਫਟ ਵੋਟਰ ਸੂਚੀ ਨੂੰ ਤਰੁਟੀ ਰਹਿਤ ਬਣਾਉਣ ਲਈ ਹਰ ਕਦਮ 'ਤੇ ਧਿਆਨ ਰੱਖਿਆ ਜਾ ਰਿਹਾ ਹੈ। ਸਿਆਸੀ ਪਾਰਟੀਆਂ ਦੇ ਬੂਥ ਲੈਵਲ ਏਜੰਟ (ਬੀ.ਐਲ.ਏ.) ਵੀ ਸਮੁੱਚੇ ਕੰਮ ਦੀ ਨਿਗਰਾਨੀ ਕਰ ਰਹੇ ਹਨ, ਤਾਂ ਜੋ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ, “ਅਸੀਂ ਕੇਂਦਰੀ ਚੋਣ ਕਮਿਸ਼ਨ ਤੋਂ ਵਾਧੂ ਸਮਾਂ ਵੀ ਮੰਗਿਆ ਹੈ। ਦਾਅਵਿਆਂ ਅਤੇ ਇਤਰਾਜ਼ਾਂ ਲਈ ਇੱਕ ਮਹੀਨੇ ਦਾ ਹੋਰ ਸਮਾਂ ਦਿੱਤਾ ਜਾਵੇਗਾ, ਤਾਂ ਜੋ ਕਿਸੇ ਵੀ ਵੋਟਰ ਨੂੰ ਕੋਈ ਦਿੱਕਤ ਨਾ ਆਵੇ।
ਇਸ ਸਵਾਲ 'ਤੇ ਕਿ ਕੀ ਕਿਸੇ ਬਾਹਰੀ ਵੋਟਰ ਨੂੰ ਗੈਰ-ਕਾਨੂੰਨੀ ਢੰਗ ਨਾਲ ਸੂਚੀ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ, ਨਵਦੀਪ ਰਿਣਵਾ ਨੇ ਸਪੱਸ਼ਟ ਕਿਹਾ, “ਇਕ ਵੀ ਵੋਟਰ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਹਰ ਸਥਿਤੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। 2003 ਦੀ ਵੋਟਰ ਸੂਚੀ ਦਾ ਮੇਲ ਕੀਤਾ ਜਾ ਰਿਹਾ ਹੈ। ਬੀ.ਐਲ.ਓਜ਼ ਘਰ-ਘਰ ਜਾ ਕੇ ਵੈਰੀਫਿਕੇਸ਼ਨ ਕਰ ਰਹੇ ਹਨ। 2002, 2003, 2004 ਦੇ ਐਸ.ਆਈ.ਆਰ ਨਾਲ ਵੀ ਕਰਾਸ ਚੈਕਿੰਗ ਕੀਤੀ ਜਾ ਰਹੀ ਹੈ।



