ਜਲੰਧਰ ‘ਚ ਵੋਟਿੰਗ ਦੀ ਪ੍ਰਕਿਰਿਆ ਹੋਈ ਸ਼ੁਰੂ, ਵੋਟਰਾਂ ਦੀਆਂ ਲੱਗੀਆਂ ਕਤਾਰਾਂ

by jaskamal

ਨਿਊਜ਼ ਡੈਸਕ (ਜਸਕਮਲ) : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਲਕੇ ਜ਼ਿਲ੍ਹਾ ਜਲੰਧਰ ਵੋਟਿੰਗ ਸ਼ੁਰੂ ਹੋ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਜ਼ਿਲ੍ਹੇ ਭਰ ਵਿਚ ਬਣਾਏ ਗਏ 1975 ਪੋਲਿੰਗ ਬੂਥਾਂ ’ਤੇ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਜ਼ਿਲ੍ਹੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿਚ ਕੁੱਲ 16,50,867 ਵੋਟਰ ਹਨ, ਜਿਨ੍ਹਾਂ ਵਿਚ 8,58,305 ਮਰਦ, 7,92,532 ਔਰਤਾਂ ਅਤੇ 30 ਟਰਾਂਸਜੈਂਡਰ ਸ਼ਾਮਲ ਹਨ।

ਐਤਵਾਰ ਨੂੰ ਹੋਣ ਜਾ ਰਹੀ ਵੋਟਿੰਗ ਨੂੰ ਲੈ ਕੇ ਡੀ. ਸੀ. ਨੇ ਬੀਤੇ ਦਿਨ ਤੋਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਲਾਡੋਵਾਲੀ ਰੋਡ, ਕੇ. ਐੱਮ. ਵੀ. ਕਾਲਜ, ਖਾਲਸਾ ਕਾਲਜ ਫਾਰ ਵੂਮੈਨ ਅਤੇ ਸਰਕਾਰੀ ਬੀ. ਐੱਡ ਕਾਲਜ ਸਮੇਤ ਸਾਰੇ ਡਿਸਪੈਚ ਸੈਂਟਰਾਂ ਦਾ ਦੌਰਾ ਕੀਤਾ, ਜਿੱਥੋਂ ਜਲੰਧਰ ਦੇ 1975 ਪੋਲਿੰਗ ਸਟੇਸ਼ਨਾਂ ਲਈ ਕੁੱਲ 2374 ਬੈਲੇਟ ਯੂਨਿਟ, 2374 ਕੰਟਰੋਲ ਯੂਨਿਟ ਅਤੇ 2571 ਵੀ. ਵੀ. ਪੈਟ ਰਵਾਨਾ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਅੱਜ ਡਿਸਪੈਚ ਸੈਂਟਰਾਂ ਦਾ ਦੌਰਾ ਕਰ ਕੇ ਮਸ਼ੀਨਾਂ ਭੇਜਣ ਦੇ ਕੰਮ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨਾਲ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ ਨੇ ਕਿਹਾ ਕਿ ਜਲੰਧਰ ਵਿਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਵੋਟਿੰਗ ਯਕੀਨੀ ਬਣਾਉਣ ਲਈ 20 ਹਜ਼ਾਰ ਤੋਂ ਵੱਧ ਸਿਵਲ ਅਤੇ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।