ਕਾਠਮੰਡੂ (ਪਾਇਲ): ਨੇਪਾਲ 'ਚ ਸੰਸਦ ਦੇ ਉਪਰਲੇ ਸਦਨ 'ਰਾਸ਼ਟਰੀ ਅਸੈਂਬਲੀ' ਦੀਆਂ ਖਾਲੀ 17 ਸੀਟਾਂ ਨੂੰ ਭਰਨ ਲਈ ਵੋਟਿੰਗ ਐਤਵਾਰ ਸਵੇਰੇ 9 ਵਜੇ ਸ਼ੁਰੂ ਹੋ ਗਈ। ਚੋਣ ਕਮਿਸ਼ਨ ਨੇ ਕਿਹਾ ਕਿ ਨੈਸ਼ਨਲ ਅਸੈਂਬਲੀ ਦੀਆਂ ਕੁੱਲ 18 ਸੀਟਾਂ ਖਾਲੀ ਸਨ, ਜਿਨ੍ਹਾਂ ਵਿੱਚੋਂ ਨੇਪਾਲੀ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਥਾਪਾ ਕੋਸੀ ਸੂਬੇ ਵਿੱਚ 'ਖਾਸ ਆਰੀਆ' ਭਾਈਚਾਰੇ ਲਈ ਰਾਖਵੀਂ ਸੀਟ 'ਤੇ ਬਿਨਾਂ ਮੁਕਾਬਲਾ ਚੁਣੇ ਗਏ ਸਨ।
ਦੱਸ ਦਇਏ ਕਿ ਕਮਿਸ਼ਨ ਮੁਤਾਬਕ ਸ਼ਾਮ 3 ਵਜੇ ਤੱਕ ਵੋਟਿੰਗ ਜਾਰੀ ਰਹੇਗੀ ਅਤੇ ਸ਼ਾਮ 5 ਵਜੇ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ।
ਨੈਸ਼ਨਲ ਅਸੈਂਬਲੀ ਦੀਆਂ ਚੋਣਾਂ ਲਈ ਯੋਗ ਵੋਟਰਾਂ ਵਿੱਚ ਸੂਬਾਈ ਅਸੈਂਬਲੀਆਂ ਦੇ ਮੈਂਬਰ, ਮੇਅਰ, ਡਿਪਟੀ ਮੇਅਰ, ਗ੍ਰਾਮੀਣ ਨਗਰ ਪਾਲਿਕਾਵਾਂ ਦੇ ਚੇਅਰਪਰਸਨ ਅਤੇ ਉਪ-ਚੇਅਰਪਰਸਨ ਸ਼ਾਮਲ ਹਨ। ਉਪਰਲੇ ਸਦਨ ਦੇ ਕੁੱਲ 59 ਮੈਂਬਰਾਂ ਵਿੱਚੋਂ, ਸੱਤ ਸੂਬਿਆਂ ਵਿੱਚੋਂ ਅੱਠ ਚੁਣੇ ਜਾਂਦੇ ਹਨ, ਜਦੋਂ ਕਿ ਤਿੰਨ ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ।
ਨੈਸ਼ਨਲ ਅਸੈਂਬਲੀ ਦੀਆਂ ਇੱਕ ਤਿਹਾਈ ਸੀਟਾਂ ਹਰ ਦੋ ਸਾਲਾਂ ਬਾਅਦ ਖਾਲੀ ਹੋ ਜਾਂਦੀਆਂ ਹਨ, ਅਤੇ ਚੋਣਾਂ ਰਾਹੀਂ ਭਰੀਆਂ ਜਾਂਦੀਆਂ ਹਨ। ਨੇਪਾਲ 'ਚ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੇ ਮੈਂਬਰਾਂ ਦੀ ਚੋਣ ਲਈ 5 ਮਾਰਚ ਨੂੰ ਵੋਟਿੰਗ ਹੋਣੀ ਹੈ।



