“ਅਸੀਂ 70 ਰੁਪਏ ‘ਚ ਦੇਵਾਂਗੇ ਸ਼ਰਾਬ, ਬੱਸ ਵੋਟਾਂ ਸਾਨੂੰ ਪਾਉਣੀਆਂ ਨੇ”, ਭਾਜਪਾ ਦੇ ਇਸ ਪ੍ਰਧਾਨ ਨੇ ਕੀਤਾ ਵਾਅਦਾ…

“ਅਸੀਂ 70 ਰੁਪਏ ‘ਚ ਦੇਵਾਂਗੇ ਸ਼ਰਾਬ, ਬੱਸ ਵੋਟਾਂ ਸਾਨੂੰ ਪਾਉਣੀਆਂ ਨੇ”, ਭਾਜਪਾ ਦੇ ਇਸ ਪ੍ਰਧਾਨ ਨੇ ਕੀਤਾ ਵਾਅਦਾ…

ਨਿਊਜ਼ ਡੈਸਕ (ਜਸਕਮਲ) : ਭਾਰਤੀ ਜਨਤਾ ਪਾਰਟੀ ਦੀ ਆਂਧਰਾ ਪ੍ਰਦੇਸ਼ ਇਕਾਈ ਦੇ ਪ੍ਰਧਾਨ ਸੋਮੂ ਵੀਰਾਜੂ ਨੇ ਵਾਅਦਾ ਕੀਤਾ ਹੈ ਕਿ ਜੇਕਰ ਪਾਰਟੀ ਨੂ ਇਕ ਕਰੋੜ ਵੋਟਾਂ ਮਿਲਦੀਆਂ ਹਨ ਤਾਂ ਉਹ ਸੂਬੇ ‘ਚ ਸ਼ਰਾਬ ਦੀਆਂ ਕੀਮਤਾਂ ‘ਚ ਕਮੀ ਲਿਆਉਣਗੇ। ਵੀਰਾਜੂ ਨੇ ਮੰਗਲਵਾਰ ਨੂੰ ਵਿਜੇਵਾੜਾ ‘ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਭਾਰਤੀ ਜਨਤਾ ਪਾਰਟੀ ਨੂੰ ਇਕ ਕਰੋੜ ਵੋਟ ਪਾਓ ਤੇ ਅਸੀਂ ਸਿਰਫ਼ 70 ਰੁਪਏ ‘ਚ ਸ਼ਰਾਬ ਮੁਹੱਈਆ ਕਰਵਾਵਾਂਗੇ। ਜੇਕਰ ਸਾਡੇ ਕੋਲ ਹੋਰ ਮਾਲੀਆ ਬਚਿਆ ਹੈ, ਤਾਂ ਅਸੀਂ ਸਿਰਫ਼ 50 ਰੁਪਏ ‘ਚ ਸ਼ਰਾਬ ਮੁਹੱਈਆ ਕਰਵਾਵਾਂਗੇ।

ਭਾਜਪਾ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਜਗਨ ਮੋਹਨ ਰੈੱਡੀ ਦੀ ਅਗਵਾਈ ਵਾਲੀ ਵਾਈਐੱਸਆਰ ਕਾਂਗਰਸ ਪਾਰਟੀ ਸਰਕਾਰ ਨੂੰ ਪਛਾੜਨ ਦਾ ਟੀਚਾ ਰੱਖ ਰਹੀ ਹੈ। ਆਂਧਰਾ ਪ੍ਰਦੇਸ਼ ਭਾਜਪਾ ਵੱਲੋਂ ਵਿਜੇਵਾੜਾ ‘ਚ “ਪ੍ਰਜਾ ਗ੍ਰਹਿ ਸਭਾ” ਕਰਵਾਈ ਗਈ ਸੀ ਜਿੱਥੇ ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਪ੍ਰਕਾਸ਼ ਜਾਵੜੇਕਰ ਨੇ ਰਾਜ ਦੇ ਲੋਕਾਂ ਨੂੰ “ਭ੍ਰਿਸ਼ਟ ਤੇ ਵਿਨਾਸ਼ਕਾਰੀ ਸ਼ਾਸਨ ਨੂੰ ਖਤਮ ਕਰਨ ਦੀ ਅਪੀਲ ਕੀਤੀ। ਉਸਨੇ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਅਤੇ ਵਾਈਐੱਸਆਰਸੀਪੀ ਨੂੰ ਪਰਿਵਾਰ ਦੇ ਦਬਦਬੇ ਵਾਲੀਆਂ ਪਾਰਟੀਆਂ ਦੱਸਿਆ ਤੇ ਕਿਹਾ ਕਿ ਦੋਵੇਂ ਵੱਡੇ ਭ੍ਰਿਸ਼ਟਾਚਾਰ ‘ਚ ਸ਼ਾਮਲ ਹਨ। ਇਸ ਦੌਰਾਨ ਵੀਰਰਾਜੂ ਨੇ ਦਾਅਵਾ ਕੀਤਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਭ੍ਰਿਸ਼ਟ ਜਗਨ ਸਰਕਾਰ ਨੂੰ ਡੇਗਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੂਬੇ ‘ਚ ਅਗਲੀ ਸਰਕਾਰ ਬਣਾਉਣ ਦਾ ਭਰੋਸਾ ਹੈ।