Weather Update: ਮੁੜ ਵਧੇਗੀ ਠੰਢ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ‘ਚ ਬਰਫ਼ਬਾਰੀ ਕਾਰਨ ਵਿਗੜਿਆ ਮੌਸਮ

by

ਨਵੀਂ ਦਿੱਲੀ: ਪੱਛਮੀ ਗੜਬੜੀ ਵਾਲੀਆਂ ਪੌਣਾਂ ਤੇ ਹਵਾ ਦੇ ਘੱਟ ਦਬਾਅ ਕਾਰਨ ਮੁੜ ਮੌਸਮ ਦੀ ਬੇਰੁਖ਼ੀ ਸਾਹਮਣੇ ਆਈ ਹੈ। ਹਿਮਾਚਲ ਪ੍ਰਦੇਸ਼ ਦੇ ਮਨਾਲੀ ਸਮੇਤ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ 'ਚ ਸ਼ਨਿਚਰਵਾਰ ਨੂੰ ਤਾਜ਼ਾ ਬਰਫ਼ਬਾਰੀ ਹੋਈ, ਜਿਸ ਨਾਲ ਫੌਰੀ ਤੌਰ 'ਤੇ ਤਾਂ ਠੰਢ ਤੋਂ ਰਾਹਤ ਮਿਲੀ ਹੈ, ਪਰ ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ ਬਰਫ਼ਬਾਰੀ ਖ਼ਤਮ ਹੋਣ ਤੋਂ ਬਾਅਦ ਗਲਨ ਦੇ ਨਾਲ ਹੀ ਮੁੜ ਕੜਾਕੇ ਦੀ ਠੰਢ ਲੋਕਾਂ ਦੀਆਂ ਪਰੇਸ਼ਾਨੀਆਂ ਵਧਾ ਸਕਦੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ 'ਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਤੇ ਲੱਦਾਖ ਖੇਤਰ 'ਚ ਅਸਮਾਨ 'ਚ ਬੱਦਲ ਛਾਏ ਰਹਿਣਗੇ ਤੇ ਇਸ ਦੌਰਾਨ ਹਲਕੀ ਬਾਰਿਸ਼ ਜਾਂ ਬਰਫ਼ਬਾਰੀ ਹੋ ਸਕਦੀ ਹੈ।


ਨਿਊਜ਼ ਏਜੰਸੀ ਏਐੱਨਆਈ ਮੁਤਾਬਿਕ, ਉੱਤਰੀ ਭਾਰਤ ਦੇ ਇਲਾਕਿਆਂ 'ਚ ਜਾਰੀ ਧੁੰਦ ਕਾਰਨ ਨਾਰਦਰਨ ਰੇਲਵੇ ਰੀਜਨ ਦੀਆਂ 19 ਟ੍ਰੇਨਾਂ ਲੇਟ ਚੱਲ ਰਹੀਆਂ ਹਨ। ਤਾਮਿਲਨਾਡੂ 'ਚ ਚੇਨਈ ਏਅਰਪੋਰਟ 'ਤੇ ਘੱਟ ਦ੍ਰਿਸ਼ਤਾ ਕਾਰਨ ਚਾਰ ਉਡਾਨਾਂ ਦੇ ਰੂਡ ਬਦਲਣੇ ਪਏ ਜਦਕਿ 10 ਲੇਟ ਹਨ। ਮੌਸਮ ਵਿਭਾਗ ਨੇ ਦੱਸਿਆ ਕਿ ਪੂਰਬੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਪੱਛਮੀ ਯੂਪੀ, ਪੰਜਾਬ ਤੇ ਬਿਹਾਰ ਦੇ ਵੱਖ-ਵੱਖ ਹਿੱਸਿਆਂ 'ਚ ਸੰਘਣੀ ਧੁੰਦ ਲੋਕਾਂ ਦੀਆਂ ਮੁਸ਼ਕਲਾਂ ਵਧਾ ਰਹੀ ਹੈ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਦਿੱਲੀ-ਐੱਨਸੀਆਰ 'ਚ 8 ਜਨਵਰੀ ਤਕ ਸੀਤ ਲਹਿਰ ਨਹੀਂ ਚੱਲੇਗੀ। 6 ਤੋਂ 8 ਜਨਵਰੀ ਵਿਚਕਾਰ ਦਿੱਲੀ 'ਚ ਬਾਰਿਸ਼ ਹੋ ਸਕਦੀ ਹੈ। ਇਸ ਨਾਲ ਪ੍ਰਦੂਸ਼ਣ ਦੇ ਪੱਧਰ 'ਚ ਕਮੀ ਆਵੇਗੀ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸਵੇਰੇ ਨੌਂ ਵਜੇ ਏਅਰ ਕੁਆਲਿਟੀ ਇੰਡੈਕਸ 300 ਦਰਜ ਕੀਤਾ ਗਿਆ।

ਸਕਾਈਮੈੱਟ ਵੈਦਰ ਮੁਤਾਬਿਕ, ਉੱਤਰੀ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਦੇ ਨਾਲ-ਨਾਲ ਗੁਜਰਾਤ ਤੋਂ ਓਡੀਸ਼ਾ ਦੇ ਉੱਤਰੀ ਤਟ ਤਕ ਇਕ ਟਰਫ ਫੈਲੀ ਹੋਈ ਹੈ। ਇਸ ਕਾਰਨ ਸ਼ੁੱਕਰਵਾਰ ਨੂੰ ਵਿਦਰਭ, ਛੱਤੀਸਗੜ੍ਹ, ਪੂਰਬੀ ਮੱਧ ਏਸ਼ੀਆ, ਝਾਰਖੰਡ ਤੇ ਪੂਰਬੀ ਯੂਪੀ 'ਚ ਗਰਜ ਨਾਲ ਬਾਰਿਸ਼ ਹੋਈ। ਸਕਾਈਮੈੱਟ ਵੈਦਰ ਦੇ ਮੌਸਮ ਮਾਹਿਰਾਂ ਦੀ ਮੰਨੀਏ ਤਾਂ 24 ਘੰਟਿਆ ਦੌਰਾਨ, ਓਡੀਸ਼ਾ, ਛੱਤੀਸਗੜ੍ਹ, ਗੰਗੀਯ ਪੱਛਮੀ ਬੰਗਾਲ ਦੇ ਕੁੱਝ ਹਿੱਸਿਆਂ ਤੇ ਪੂਰਬੀ ਯੂਪੀ, ਬਿਹਾਰ, ਤੇਲੰਗਾਨਾ, ਵਿਦਰਭ, ਉੱਤਰੀ ਤੱਟੀ ਆਂਧਰ ਪ੍ਰਦੇਸ਼ ਦੇ ਨਾਲ-ਨਾਲ ਪੂਰਬੀ ਮੱਧ ਏਸ਼ੀਆ ਦੀਆਂ ਕੁਝ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਮੱਧਮ ਬਾਰਿਸ਼ ਦਰਜ ਕੀਤੀ ਜਾ ਸਕਦੀ ਹੈ।

ਸਕਾਈਮੈੱਟ ਵੈਦਰ ਨੇ ਆਪਣੇ ਆਲ ਇੰਡੀਆ ਵੈਦਰ ਬੁਲੇਟਿਨ 'ਚ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਤੇ ਉੱਤਰੀ-ਪੂਰਬੀ ਭਾਰਤ 'ਚ ਬਾਰਿਸ਼ ਤੇ ਗੜੇਮਾਰੀ ਦਾ ਖਦਸ਼ਾ ਹੈ। ਇਹੀ ਨਹੀਂ ਉੱਤਰੀ-ਪੱਛਮੀ ਤੇ ਮੱਧ ਭਾਰਤ 'ਚ ਘੱਟੋ-ਘੱਟ ਤਾਪਮਾਨ 'ਚ ਕੁਝ ਵਾਧਾ ਦਰਜ ਕੀਤਾ ਜਾ ਸਕਦਾ ਹੈ ਜਿਸ ਨਾਲ ਲੋਕਾਂ ਨੂੰ ਫੌਰੀ ਤੌਰ 'ਤੇ ਠੰਢ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਦੇ ਅਨੁਮਾਨ 'ਚ ਕਿਹਾ ਗਿਆ ਹੈ ਕਿ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਤਾਨ 'ਚ 6 ਤੋਂ 8 ਜਨਵਰੀ ਵਿਚਕਾਰ ਬਾਰਿਸ਼ ਦੀ ਸੰਭਾਵਨਾ ਹੈ। ਇਹੀ ਨਹੀਂ ਓਡੀਸ਼ਾ ਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ 'ਚ ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਸਮੇਤ ਬਾਰਿਸ਼ ਦੀ ਸੰਭਾਵਨਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।